ਸਿਹਤ ਮੰਤਰੀ ਵੱਲੋਂ ਵਰਚੂਅਲੀ ਤੌਰ ‘ਤੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ
ਗੁਰਦਾਸਪੁਰ, 15 ਮਾਰਚ 2024 (ਦੀ ਪੰਜਾਬ ਵਾਇਰ )। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਅੱਜ 30 ਬੈੱਡਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਤੋਹਫ਼ਾ ਦਿੱਤਾ ਗਿਆ ਹੈ। ਇਸ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਰਸਮੀ ਉਦਘਾਟਨ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਨਲਾਈਨ ਵਰਚੂਅਲ ਤੌਰ ਤੇ ਕੀਤਾ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅਰਬਨ ਸੀ.ਐੱਚ.ਸੀ. ਦੇ ਉਦਘਾਟਨੀ ਪੱਥਰ ਤੋਂ ਪਰਦਾ ਉਠਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਸ੍ਰੀ ਹਰੀਸ਼ ਦਾਯਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਡੀ.ਐੱਮ.ਸੀ. ਡਾ. ਰੋਮੀ ਰਾਜਾ, ਸੀਨੀਅਰ ਆਗੂ ਧਰੁਵ ਬਹਿਲ ਤੋਂ ਇਲਾਵਾ ਸ਼ਹਿਰ ਦੇ ਮੁਹਤਬਰ ਹਾਜ਼ਰ ਸਨ।
ਉਦਘਾਟਨੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਗੁਰਦਾਸਪੁਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਦਾ ਦਿਨ ਗੁਰਦਾਸਪੁਰ ਵਾਸੀਆਂ ਲਈ ਇਤਿਹਾਸਕ ਦਿਨ ਹੈ ਅਤੇ ਅੱਜ ਗੁਰਦਾਸਪੁਰ ਵਾਸੀਆਂ ਦੀ ਦਹਾਕਾ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ 30 ਬੈੱਡਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇ ਕੇ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾ ਸ਼ੁਰੂ ਹੋਣ ਨਾਲ ਹੁਣ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਿਲੀ ਇਸ ਵੱਡੀ ਸਹੂਲਤ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਸ੍ਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸਹੂਲਤਾਂ ਵਿਚ ਕ੍ਰਾਂਤੀਕਾਰੀ ਸੁਧਾਰ ਕੀਤਾ ਹੈ ਅਤੇ ਮਾਨ ਸਰਕਾਰ ਵੱਲੋਂ ਮਹਿਜ਼ ਦੋ ਸਾਲਾਂ ਵਿੱਚ ਹੀ 829ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਸ੍ਰੀ ਰਮਨ ਬਹਿਲ ਦੀ ਕੋਸ਼ਿਸ਼ਾਂ ਸਦਕਾ ਅੱਜ ਗੁਰਦਾਸਪੁਰ ਵਿਖੇ ਅਰਬਨ ਕਮਿਊਨਿਟੀ ਸੈਂਟਰ ਦਾ ਉਦਘਾਟਨ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਵਧੀਆ ਸੇਵਾਵਾਂ ਲਈ ਬਲੱਡ ਡੋਨਰਜ਼ ਸੋਸਾਇਟੀ ਦੇ ਮੈਂਬਰਾਂ ਨੂੰ 1.25 ਲੱਖ ਦਾ ਚੈੱਕ ਵੀ ਦਿੱਤਾ ਗਿਆ। ਸਿਹਤ ਵਿਭਾਗ ਨੂੰ ਦਿੱਤੇ ਯੋਗਦਾਨ ਲਈ ਸ੍ਰੀ ਪੰਡੋਰੀ ਧਾਮ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਸਿਹਤ ਵਿਭਾਗ ਨੂੰ ਦਿੱਤੇ ਯੋਗਦਾਨ ਲਈ ਦਿਉਲ ਹਸਪਤਾਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਰਵਲੀਨ ਕੌਰ, ਏ.ਸੀ.ਐੱਸ. ਡਾ. ਭਾਰਤ ਭੂਸ਼ਨ, ਡੀਐਚਓ ਡਾ. ਸਵੀਤਾ, ਡੀਐਫਡਬਲਓ ਡਾ. ਤੇਜਿੰਦਰ ਕੌਰ , ਡੀਡੀਐਚਓ ਡਾ. ਲੋਕੇਸ਼ ਗੁਪਤਾ ਆਦਿ ਹਾਜ਼ਰ ਸਨ।