ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੜਕੀਆਂ ਦੇ ਸਸ਼ਕਤੀਕਰਨ ਲਈ ਇੱਕ ਪਹਿਲਕਦਮੀ ਕੀਤੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਨੌਕਰੀਆਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ
5 ਮਹੀਨੇ ਦੇ ਪਹਿਲੇ ਬੈਚ ਵਿੱਚ 41 ਲੜਕੀਆਂ ਲੈਣਗੀਆਂ ਕੋਚਿੰਗ
ਗੁਰਦਾਸਪੁਰ, 7 ਮਾਰਚ 2024 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਲੜਕੀਆਂ ਦੇ ਸਸ਼ਕਤੀਕਰਨ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਗੁਰਦਾਸਪੁਰ ਦੇ ਸਾਂਝੇ ਯਤਨਾਂ ਨਾਲ ਲੜਕੀਆਂ ਲਈ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਗਰੈਜੂਏਸ਼ਨ ਪੱਧਰ ਦੀਆਂ ਸਰਕਾਰੀ ਨੌਕਰੀਆਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਕੋਚਿੰਗ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਕੋਚਿੰਗ ਕਲਾਸਾਂ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ।
ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਬਰਾਈਟ ਅਕੈਡਮੀ ਦੇ ਸਹਿਯੋਗ ਨਾਲ ਲੜਕੀਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਜਿਵੇਂ ਕਿ ਪੰਜਾਬ ਅਧੀਨ ਸੇਵਾਵਾਂ ਬੋਰਡ, ਰੇਲਵੇ, ਬੈਂਕਿੰਗ, ਪੰਜਾਬ ਪੁਲਿਸ, ਐੱਸ.ਐੱਸ.ਸੀ ਆਦਿ ਦੀ ਤਿਆਰੀ ਲਈ 5 ਮਹੀਨੇ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਕੋਚਿੰਗ ਦਾ ਮੰਤਵ ਲੜਕੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੋਚਿੰਗ ਕਲਾਸਾਂ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਲੜਕੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਸਰਹੱਦੀ ਜ਼ਿਲ੍ਹੇ ਦਾ ਦਰਜਾ ਹੋਣ ਕਾਰਨ ਇੱਥੇ ਲੜਕੀਆਂ ਨੂੰ ਅਜਿਹੇ ਸੀਮਿਤ ਮੌਕੇ ਮਿਲਦੇ ਹਨ ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜੇ ਇਹ ਪ੍ਰੋਗਰਾਮ ਲੜਕੀਆਂ ਦੇ ਛੋਟੇ ਸਮੂਹ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਇਸ ਦੀ ਸਫਲਤਾ ਨੂੰ ਦੇਖਦੇ ਹੋਏ ਲੜਕੀਆਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਕੋਚਿੰਗ ਕਲਾਸਾਂ ਲਈ ਲੜਕੀਆਂ ਤੋਂ ਆਨ-ਲਾਈਨ ਰਜਿਸਟਰੇਸ਼ਨ ਕਰਵਾਈ ਗਈ ਸੀ ਅਤੇ ਇਸ ਰਜਿਸਟਰੇਸ਼ਨ ਦੇ ਅਧਾਰ ‘ਤੇ ਉਸ ਵਿਚੋਂ 41 ਲੜਕੀਆਂ ਦੀ ਸਕਰੀਨਿੰਗ ਕਰਕੇ ਕੋਚਿੰਗ ਕਲਾਸਾਂ ਦੇ ਇਸ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਸ਼੍ਰੀ ਪ੍ਰਸ਼ੋਤਮ ਸਿੰਘ ਸੈਣੀ, ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਗੁਰਦਾਸਪੁਰ, ਮਿਸ ਸੁਮਨਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਗੁਰਦਾਸਪੁਰ, ਸ਼੍ਰੀ ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਫ਼ਸਰ, ਸ਼੍ਰੀ ਵਿਪਨ ਭਾਟੀਆ ਅਤੇ ਸ਼੍ਰੀ ਕਰਨ ਮਹਾਜਨ ਡਾਇਰੈਕਟਰ, ਸੈਂਟਰ ਬਰਾਈਟ ਅਕੈਡਮੀ, ਗੁਰਦਾਸਪੁਰ ਹਾਜ਼ਰ ਸਨ।