ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਹੋਰ ਸੁਧਾਰਨ ਲਈ 410 ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਹੋਰ ਸੁਧਾਰਨ ਲਈ 410 ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ
  • PublishedFebruary 28, 2024

ਪੁਲਿਸ ਦੇ ਬੁਨਿਆਦੀ ਢਾਂਚੇ ਲਈ ਖਰਚੇ ਜਾ ਰਹੇ ਹਨ 426 ਕਰੋੜ ਰੁਪਏ

ਜਲੰਧਰ, 28 ਫਰਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਸੁਧਾਰਨ ਵਾਸਤੇ ਅੱਜ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਵਿਖਾਈ।

ਇਨ੍ਹਾਂ 410 ਵਾਹਨਾਂ ਵਿੱਚੋਂ 274 ਮਹਿੰਦਰਾ ਸਕਾਰਪੀਓਜ਼, 41 ਇਸੂਜ਼ੂ ਹਾਈਲੈਂਡਰਜ਼, 71 ਕੀਆ ਕਰੇਨਜ਼ ਵਾਹਨ ਪੀ.ਸੀ.ਆਰ. ਅਤੇ ਡਾਇਲ-112 ਲਈ ਜਾਰੀ ਕੀਤੇ ਜਾ ਰਹੇ ਹਨ ਜਦਕਿ ਔਰਤਾਂ ਦੀ ਸੁਰੱਖਿਆ ਲਈ ਟਾਟਾ ਟਿਆਗੋ ਈ.ਵੀ. (ਇਲੈਕਟ੍ਰਿਕ ਵਾਹਨ) ਚਲਾਏ ਜਾ ਰਹੇ ਹਨ। ਇਨ੍ਹਾਂ ਵਾਹਨਾਂ ਦੀ ਤਾਇਨਾਤੀ ਨਾਲ ਪੁਲਿਸ ਸਟੇਸ਼ਨਾਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਪੁਲਿਸ ਦੀ ਕਾਰਵਾਈ ਦਾ ਸਮਾਂ ਸੁਧਰੇਗਾ। ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇਕ ਵਿੱਤੀ ਸਾਲ ਵਿੱਚ ਵਾਹਨਾਂ ਦੀ ਖਰੀਦ ਲਈ 150 ਕਰੋੜ ਰੁਪਏ ਖਰਚੇ ਗਏ ਹੋਣ।

ਇਸੇ ਲੜੀ ਤਹਿਤ 15 ਸਾਲਾਂ ਦਾ ਸਮਾਂ ਮੁਕੰਮਲ ਕਰਨ ਵਾਲੇ 1195 ਵਾਹਨ ਸਕਰੈਪ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਕੰਡਮ ਵਾਹਨਾਂ ਦੀ ਜਗ੍ਹਾ ਨਵੇਂ ਵਾਹਨ ਖਰੀਦੇ ਜਾ ਰਹੇ ਹਨ। ਪਹਿਲੇ ਪੜਾਅ ਵਿੱਚ 94.15 ਕਰੋੜ ਰੁਪਏ ਦੀ ਲਾਗਤ ਨਾਲ 508 ਵਾਹਨ ਖਰੀਦੇ ਜਾ ਰਹੇ ਹਨ। ਦੂਜੇ ਪੜਾਅ ਵਿੱਚ ਵਿੱਤੀ ਸਾਲ 2024-25 ਵਿੱਚ 75.42 ਕਰੋੜ ਰੁਪਏ ਦੀ ਲਾਗਤ ਨਾਲ 851 ਵਾਹਨ ਖਰੀਦੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਅਤੇ ਪੁਲਿਸ ਫੋਰਸ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ 426 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਦੋ ਨਵੇਂ ਪੁਲਿਸ ਸਟੇਸ਼ਨ-ਪੁਲਿਸ ਸਟੇਸ਼ਨ ਕਰਤਾਰਪੁਰ ਕਾਰੀਡੋਰ ਅਤੇ ਪੁਲਿਸ ਸਟੇਸ਼ਨ ਆਈ.ਟੀ. ਸਿਟੀ ਮੋਹਾਲੀ ਨੂੰ ਨੋਟੀਫਾਈ ਕੀਤਾ ਹੈ। ਇਨ੍ਹਾਂ ਵਿੱਚੋਂ ਪੁਲਿਸ ਸਟੇਸ਼ਨ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਛੇਤੀ ਹੀ ਇਸ ਦੇ ਨਿਰਮਾਣ ਦਾ ਕੰਮ ਮੁਕੰਮਲ ਕਰ ਲਿਆ ਹੈ।

ਪੰਜਾਬ ਸਰਕਾਰ ਨੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਮਜ਼ਬੂਤ ਬਣਾਉਣ ਲਈ ਪੰਜਾਬ ਪੁਲਿਸ ਨੂੰ 40 ਕਰੋੜ ਰੁਪਏ ਜਾਰੀ ਕੀਤੇ ਹਨ ਜਿਸ ਵਿੱਚੋਂ 10 ਕਰੋੜ ਰੁਪਏ ਥਾਣਿਆਂ ਦੇ ਨਵੀਨੀਕਰਨ ਲਈ ਜਦਕਿ 10 ਕਰੋੜ ਰੁਪਏ ਆਧੁਨਿਕ ਵਾਹਨ ਖਰੀਦਣ ਲਈ ਖਰਚੇ ਜਾਣਗੇ। ਇਸ ਤਹਿਤ 81 ਮਹਿੰਦਰਾ ਸਕਾਰਪੀਓ ਵਾਹਨ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਮਜ਼ਬੂਤ ਕਰਨਗੇ। ਪੰਜਾਬ ਸਰਕਾਰ ਨੇ ਪੁਲਿਸ ਦੇ ਕਾਊਂਟਰ-ਇੰਟੈਲੀਜੈਂਸ ਦੇ ਢਾਂਚੇ ਦੀ ਮਜ਼ਬੂਤੀ ਲਈ 80 ਕਰੋੜ ਰੁਪਏ ਜਦਕਿ 30 ਕਰੋੜ ਰੁਪਏ ਸਾਈਬਰ ਕ੍ਰਾਈਮ ਢਾਂਚੇ ਦੀ ਮਜ਼ਬੂਤੀ ਲਈ 30 ਕਰੋੜ ਮਨਜ਼ੂਰ ਕੀਤੇ ਹਨ। ਇਸ ਕਦਮ ਨਾਲ ਅੰਦਰੂਨੀ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ ਅਤੇ ਸਾਈਬਰ-ਕ੍ਰਾਈਮ ਦੇ ਕੇਸਾਂ ਦੇ ਵਾਧੇ ਨੂੰ ਠੱਲ੍ਹ ਪਵੇਗੀ।

Written By
The Punjab Wire