ਭਾਰਤ ਸਰਕਾਰ ਦੇ ‘ਭਾਰਤ ਦਰਸ਼ਨ ਸਟੱਡੀ ਟੂਰ ਪ੍ਰੋਗਰਾਮ’ ਤਹਿਤ ਕਸ਼ਮੀਰ ਘਾਟੀ ਦੇ 27 ਵਿਦਿਆਰਥੀਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 9 ਫਰਵਰੀ 2024 (ਦੀ ਪੰਜਾਬ ਵਾਇਰ)। ਮਨਮੋਹਕ ਕਸ਼ਮੀਰ ਘਾਟੀ ਦੇ 27 ਹੋਣਹਾਰ ਅਤੇ ਉਤਸ਼ਾਹੀ ਵਿਦਿਆਰਥੀਆਂ ਦੇ ਸਮੂਹ ਨੇ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਆਯੋਜਿਤ ‘ਭਾਰਤ ਦਰਸ਼ਨ ਸਟੱਡੀ ਟੂਰ ਪ੍ਰੋਗਰਾਮ’ ਦੇ ਹਿੱਸੇ ਵਜੋਂ ਚੰਡੀਗੜ੍ਹ ਦਾ ਦੌਰਾ ਸ਼ੁਰੂ ਕੀਤਾ। ਇਸ ਦੌਰੇ ਦਾ ਉਦੇਸ਼ ਇਨ੍ਹਾਂ ਨੌਜਵਾਨ ਨੂੰ ਵਿਭਿੰਨ ਸਭਿਆਚਾਰਾਂ ਦੀ ਪੜਚੋਲ ਕਰਨ, ਉੱਘੇ ਆਗੂਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਨੂੰ ਵਿਆਪਕ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰਨਾ ਸੀ।
ਇਸ ਜਾਣਕਾਰੀ ਭਰਪੂਰ ਦੌਰੇ ਦੌਰਾਨ, ਵਿਦਿਆਰਥੀਆਂ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਇੰਟਰਐਕਟਿਵ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਹ ਸੈਸ਼ਨ ਬਹੁਤ ਪ੍ਰੇਰਣਾਦਾਇਕ ਸਾਬਤ ਹੋਇਆ ਕਿਉਂਕਿ ਰਾਜਪਾਲ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਵੱਲੋਂ ਕਲਪਨਾ ਕੀਤੇ ਗਏ ‘ਵਿਕਸਿਤ ਭਾਰਤ@2047’ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਦੀਆਂ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਸਾਰੇ ਉਪਰਾਲਿਆਂ ਵਿੱਚ ਇਮਾਨਦਾਰੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ, ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨਿੱਜੀ ਅਤੇ ਕੌਮੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਇਮਾਨਦਾਰੀ ਅਤੇ ਸਮਾਂ ਪ੍ਰਬੰਧਨ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਸ਼ਬਦ ਵਿਦਿਆਰਥੀਆਂ ਦੇ ਮਨ ਮੋਹ ਲਿਆ ਅਤੇ ਉਨ੍ਹਾਂ ਵਿੱਚ ਉਦੇਸ਼ ਦੀ ਭਾਵਨਾ ਅਤੇ ਦੇਸ਼ ਦੀ ਤਰੱਕੀ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਦ੍ਰਿੜ ਸੰਕਲਪ ਪੈਦਾ ਕਰ ਗਏ।
ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਅੱਜ ਦੇ ਨੌਜਵਾਨ ਕੱਲ ਦੇ ਭਾਰਤ ਦੇ ਨਿਰਮਾਤਾ ਹਨ। ਉਨ੍ਹਾਂ ਲਈ ਇਮਾਨਦਾਰੀ, ਅਖੰਡਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਣ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣਾ ਲਾਜ਼ਮੀ ਹੈ। ਮੈਨੂੰ ਭਰੋਸਾ ਹੈ ਕਿ ਕਸ਼ਮੀਰ ਘਾਟੀ ਦੇ ਇਹ ਹੋਣਹਾਰ ਵਿਦਿਆਰਥੀ ਸਾਡੇ ਦੇਸ਼ ਦੇ ਭਵਿੱਖ ਨੂੰ ਘੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਗ਼ੌਰਤਲਬ ਹੈ ਕਿ, ‘ਭਾਰਤ ਦਰਸ਼ਨ ਸਟੱਡੀ ਟੂਰ ਪ੍ਰੋਗਰਾਮ’ ਵਿਭਿੰਨ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਭਾਰਤੀ ਸੰਸਕ੍ਰਿਤੀ, ਵਿਰਾਸਤ ਅਤੇ ਸ਼ਾਸਨ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਅਜਿਹੀਆਂ ਪਹਿਲਕਦਮੀਆਂ ਰਾਹੀਂ, ਭਾਰਤ ਸਰਕਾਰ ਦਾ ਉਦੇਸ਼ ਗਿਆਨਵਾਨ ਤੇ ਹੋਣਹਾਰ ਨਾਗਰਿਕਾਂ ਦੀ ਇੱਕ ਪੀੜ੍ਹੀ ਤਿਆਰ ਕਰਨਾ ਹੈ ਜੋ ਨਾ ਸਿਰਫ਼ ਅਕਾਦਮਿਕ ਤੌਰ ‘ਤੇ ਨਿਪੁੰਨ ਹੋਣ, ਸਗੋਂ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਅਤੇ ਨੈਤਿਕ ਤੌਰ ‘ਤੇ ਚੇਤੰਨ ਵੀ ਹੋਣ।