ਫਰਾਂਸ ਭੇਜਣ ਦੇ ਨਾਂ ‘ਤੇ 4 ਲੱਖ ਰੁਪਏ ਦੀ ਠੱਗੀ ਮਾਰੀ
ਗੁਰਦਾਸਪੁਰ, 7 ਫਰਵਰੀ 2024 (ਦੀ ਪੰਜਾਬ ਵਾਇਰ)। ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਬਿਕਰਮ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਗਿੱਦੜ ਪਿੰਡੀ ਨੇ ਦੱਸਿਆ ਕਿ ਉਹ ਵਿਦੇਸ਼ ਜਾ ਕੇ ਰੋਜ਼ੀ ਰੋਟੀ ਕਮਾਉਣ ਦਾ ਇੱਛੁਕ ਸੀ। ਇਸ ਕਾਰਨ ਉਸ ਨੇ ਮੁਲਜ਼ਮ ਮਨਿੰਦਰਜੀਤ ਸਿੰਘ ਵਾਸੀ ਗੋਹਤ ਪੋਖਰ ਨਾਲ ਸੰਪਰਕ ਕੀਤਾ। ਮੁਲਜ਼ਮਾਂ ਨੇ ਉਸ ਨੂੰ ਫਰਾਂਸ ਭੇਜਣ ਦੇ ਬਹਾਨੇ ਚਾਰ ਲੱਖ ਰੁਪਏ ਲੈ ਲਏ। ਪੈਸੇ ਲੈ ਕੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਿਦੇਸ਼ ਨਹੀਂ ਭੇਜਿਆ ਗਿਆ। ਪੈਸੇ ਵਾਪਸ ਮੰਗਣ ‘ਤੇ ਮੁਲਜ਼ਮ ਟਾਲ-ਮਟੋਲ ਕਰਦੇ ਰਹੇ। ਇਸ ਕਾਰਨ ਉਸ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।