ਗੁਰਦਾਸਪੁਰ

ਪ੍ਰਭਜੋਤ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਗੱਡੀ ‘ਚ ਬਿਠਾ ਕੇ ਗੁਰਦਾਸਪੁਰ ਦੀ ਸੜਕਾਂ ‘ਤੇ ਆਪਣੀ ਡਰਾਈਵਿੰਗ ਪ੍ਰਤਿਭਾ ਦਿਖਾਈ

ਪ੍ਰਭਜੋਤ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਗੱਡੀ ‘ਚ ਬਿਠਾ ਕੇ ਗੁਰਦਾਸਪੁਰ ਦੀ ਸੜਕਾਂ ‘ਤੇ ਆਪਣੀ ਡਰਾਈਵਿੰਗ ਪ੍ਰਤਿਭਾ ਦਿਖਾਈ
  • PublishedFebruary 7, 2024

ਨਾਰੀ ਸ਼ਕਤੀ ਕੇਂਦਰ ਲੜਕੀਆਂ ਦੇ ਸਸ਼ਕਤੀਕਰਨ ਵਿੱਚ ਹੋ ਰਿਹਾ ਸਹਾਈ

ਨਾਰੀ ਸ਼ਕਤੀ ਕੇਂਦਰ ‘ਚ ਲੜਕੀਆਂ ਡਰਾਈਵਿੰਗ ਸਿਖਲਾਈ ਅਤੇ ਸੋਫ਼ਟ ਸਕਿੱਲ ਦੇ ਕੋਰਸਾਂ ਦੀ ਲੈ ਰਹੀਆਂ ਹਨ ਮੁਫ਼ਤ ਸਿਖਲਾਈ

ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਹੀ ਆਪਣੀਆਂ ਧੀਆਂ ਨੂੰ ਅੱਗੇ ਵਧਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਦਾ ਰਹੇਗਾ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 7 ਫਰਵਰੀ 2024 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗੁਰਦਾਸਪੁਰ ਵਿਖੇ ਚਲਾਇਆ ਜਾ ਰਿਹਾ ਨਾਰੀ ਸ਼ਕਤੀ ਕੇਂਦਰ ਲੜਕੀਆਂ ਦੇ ਸਸ਼ਕਤੀਕਰਨ ਵਿੱਚ ਅਹਿਮ ਸਹਾਈ ਹੋ ਰਿਹਾ ਹੈ। ਬੀਤੇ ਮਹੀਨੇ 11 ਜਨਵਰੀ ਨੂੰ ਸ਼ੁਰੂ ਕੀਤੇ ਗਏ ਇਸ ਨਾਰੀ ਸ਼ਕਤੀ ਕੇਂਦਰ ਵਿੱਚ 40 ਲੜਕੀਆਂ ਨੂੰ ਮੁਫ਼ਤ ਡਰਾਈਵਿੰਗ ਸਿਖਲਾਈ ਅਤੇ ਸੋਫ਼ਟ ਸਕਿੱਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਨਾਰੀ ਸ਼ਕਤੀ ਕੇਂਦਰ ਦਾ ਦੌਰਾ ਕਰਕੇ ਓਥੇ ਚੱਲ ਰਹੀਆਂ ਡਰਾਈਵਿੰਗ ਅਤੇ ਸਾਫ਼ਟ ਸਕਿੱਲ ਕੋਚਿੰਗ ਕਲਾਸਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਿਖਲਾਈ ਹਾਸਲ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਕਲਾਸਾਂ ਬਾਰੇ ਤਜਰਬੇ ਨੂੰ ਜਾਣਿਆ ਅਤੇ ਫੀਡਬੈਕ ਹਾਸਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੜਕੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੀ ਕੈਰੀਅਰ ਕੌਂਸਲਿੰਗ ਵੀ ਕੀਤੀ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਲੜਕੀਆਂ ਦੇ ਹੁਨਰ ਨੂੰ ਨਿਖਾਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਫ਼ਟ ਸਕਿੱਲ ਕੋਚਿੰਗ ਦੀਆਂ ਕਲਾਸਾਂ ਵਿੱਚ ਲੜਕੀਆਂ ਨੂੰ ਵੱਖ-ਵੱਖ ਨੌਕਰੀਆਂ ਲਈ ਇੰਟਰਵਿਊ ਲਈ ਤਿਆਰ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਉਨ੍ਹਾਂ ਨੂੰ ਪਰਸਨੈਲਟੀ ਡਿਵੈਲਪਮੈਂਟ, ਕੰਪਿਊਟਰ ਆਦਿ ਬਾਰੇ ਵੀ ਸਿਖਾਇਆ ਜਾ ਰਿਹਾ ਹੈ। ਫ਼ਰੀ ਡਰਾਈਵਿੰਗ ਕਲਾਸਾਂ ਰਾਹੀਂ ਲੜਕੀਆਂ ਨੂੰ ਕਾਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਲੜਕੀਆਂ ਵੱਲੋਂ ਡਰਾਈਵਿੰਗ ਦੇ ਹੁਨਰ ਨੂੰ ਪੂਰੇ ਉਤਸ਼ਾਹ ਨਾਲ ਸਿੱਖਿਆ ਜਾ ਰਿਹਾ ਹੈ ਅਤੇ ਲੜਕੀਆਂ ਬਹੁਤ ਵਧੀਆ ਡਰਾਈਵ ਵੀ ਕਰਨ ਲੱਗ ਪਈਆਂ ਹਨ। ਡਰਾਈਵਿੰਗ ਹਾਸਲ ਕਰ ਰਹੀ ਇੱਕ ਲੜਕੀ ਪ੍ਰਭਜੋਤ ਕੌਰ ਨੇ ਆਪਣੀ ਡਰਾਈਵਿੰਗ ਪ੍ਰਤਿਭਾ ਦਿਖਾਉਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਗੱਡੀ ਵਿੱਚ ਬਿਠਾ ਕੇ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਉੱਪਰ ਗੱਡੀ ਚਲਾ ਕੇ ਦਿਖਾਈ ਅਤੇ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੇ ਦਫ਼ਤਰ ਛੱਡਿਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਾਰੀ ਸ਼ਕਤੀ ਕੇਂਦਰ ਵਿੱਚੋਂ ਲੜਕੀਆਂ ਵੱਲੋਂ ਹਾਸਲ ਕੀਤੀ ਜਾ ਰਹੀ ਸਿਖਲਾਈ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਸਾਡੇ ਜ਼ਿਲ੍ਹੇ ਦੀਆਂ ਧੀਆਂ ਹਰ ਖੇਤਰ ਵਿੱਚ ਅੱਗੇ ਵਧਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਹੀ ਆਪਣੀਆਂ ਧੀਆਂ ਨੂੰ ਅੱਗੇ ਵਧਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਦਾ ਰਹੇਗਾ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੁਜ਼ਗਾਰ ਅਫ਼ਸਰ, ਸਕਿੱਲ ਡਿਵੈਲਪਮੈਂਟ ਤੋਂ ਚਾਂਦ ਠਾਕੁਰ, ਗਗਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਸਟਾਫ਼ ਵੀ ਹਾਜ਼ਰ ਸੀ।

Written By
The Punjab Wire