ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੇ ਨਾਲ ਦਰਸ਼ਨ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਨਿਰੀਖਣ
ਸੰਗਤਾਂ ਵੱਲੋਂ ਦਰਸ਼ਨ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟ ਲਈ ਪੰਜਾਬ ਸਰਕਾਰ ਦਾ ਧੰਨਵਾਦ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 31 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਲੈਂਡ ਪੋਰਟ ਅਥਾਰਟੀ ਅਤੇ ਬੀ.ਐੱਸ.ਐੱਫ਼ ਦੇ ਸਹਿਯੋਗ ਨਾਲ ਸੰਗਤਾਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਸਰਹੱਦ ਉੱਪਰ ਬਣੇ ਦਰਸ਼ਨ ਸਥੱਲ ਨੂੰ ਖੂਬਸੂਰਤ ਦਿੱਖ ਦਿੱਤੀ ਗਈ ਹੈ ਅਤੇ ਨਾਲ ਹੀ ਇਥੇ ਦੋ ਨਵੀਆਂ ਦੂਰਬੀਨਾਂ ਸਥਾਪਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਸ਼ਾਮ ਅਧਿਕਾਰੀਆਂ ਸਮੇਤ ਦਰਸ਼ਨ ਸਥੱਲ ਦੇ ਇਸ ਸੁੰਦਰੀਕਰਨ ਪ੍ਰੋਜੈਕਟ ਦਾ ਨਿਰੀਖਣ ਕੀਤਾ ਗਿਆ।
ਦਰਸ਼ਨ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਜਾਇਜਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਬਾ ਨਾਨਕ ਸਰਹੱਦ ਵਿਖੇ ਜ਼ੀਰੋ ਲਾਈਨ `ਤੇ ਬਣੇ ‘ਦਰਸ਼ਨ ਸਥੱਲ’ ਨੂੰ ਨਵੀਂ ਤੇ ਖੂਬਸੂਰਤ ਦਿੱਖ ਦਿੱਤੀ ਗਈ ਹੈ ਅਤੇ ਨਾਲ ਹੀ ਦਰਸ਼ਨ ਸਥੱਲ ਉੱਪਰ ਦੋ ਹਾਈ ਲੈਵਲ ਦੂਰਬੀਨਾਂ ਅਤੇ ਇੱਕ ਸਕਰੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਥੱਲ ਉੱਪਰ ਸ਼ੈੱਡ ਪਾਇਆ ਗਿਆ ਹੈ ਅਤੇ ਗਰਿੱਲਾਂ, ਰੇਲਿੰਗ ਲਗਾਉਣ ਦੇ ਨਾਲ ਖੂਬਸੂਰਤ ਲੈਂਡ ਸਕੇਪਿੰਗ ਕਰਕੇ ਆਸ-ਪਾਸ ਦੇ ਸਾਰੇ ਖੇਤਰ ਵਿੱਚ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦਰਸ਼ਨ ਸਥੱਲ ਦੇ ਨਾਲ ਹੀ ਪੁੱਲ ਉੱਪਰ ਖੂਬਸੂਰਤ ਪੇਟਿੰਗਸ ਕਰਵਾਈਆਂ ਗਈਆਂ ਹਨ ਜੋ ਦਰਸ਼ਨ ਸਥੱਲ ਦੀ ਖੂਬਸੂਰਤੀ ਵਿੱਚ ਹੋਰ ਵੀ ਵਾਧਾ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਹਿਲਾਂ ਏਥੇ ਇੱਕ ਹੀ ਹੈਂਡੀ ਦੂਰਬੀਨ ਹੁੰਦੀ ਸੀ ਜਿਸ ਨਾਲ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਵਿਊ ਸਾਫ਼ ਨਹੀਂ ਸੀ ਦਿਖਾਈ ਦਿੰਦਾ। ਉਨ੍ਹਾਂ ਕਿਹਾ ਕਿ ਹੁਣ ਏਥੇ ਹਾਈ ਰੇਂਜ ਦੀਆਂ ਦੋ ਨਵੀਆਂ ਦੂਰਬੀਨਾਂ ਸਥਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਰਾਹੀਂ ਸ਼ਰਧਾਲੂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਸਾਨੀ ਨਾਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਸ਼ਨ ਸਥੱਲ ਉੱਪਰ ਇੱਕ ਐੱਲ.ਈ.ਡੀ. ਸਕਰੀਨ ਵੀ ਲਗਾਈ ਗਈ ਹੈ ਜਿਸ ਉੱਪਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਵੀਡੀਓ ਚੱਲਦੀ ਰਹਿੰਦੀ ਹੈ। ਇਸਦੇ ਨਾਲ ਹੀ ਇਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੰਦਾ ਬੋਰਡ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਥੱਲ ਵਿੱਚ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਸ਼ਰਧਾਲੂ ਹਨ ਜੋ ਕਿ ਪਾਸਪੋਰਟ ਨਾ ਹੋਣ ਕਾਰਨ ਜਾਂ ਪਾਕਿਸਤਾਨ ਸਰਕਾਰ ਵੱਲੋਂ ਲਈ ਜਾਂਦੀ 20 ਡਾਲਰ ਦੀ ਫੀਸ ਕਰਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ ਜਾ ਪਾਉਂਦੇ। ਅਜਿਹੇ ਵਿੱਚ ਇਹ ਸ਼ਰਧਾਲੂ ਡੇਰਾ ਬਾਬਾ ਨਾਨਕ ਧੁੱਸੀ ਬੰਨ ਉੱਪਰ ਖਲ੍ਹੋ ਕੇ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਧਾਲੂਆਂ ਦੀ ਸ਼ਰਧਾ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਬਾਬਾ ਨਾਨਕ ਸਰਹੱਦ ਉੱਪਰ ਦਰਸ਼ਨ ਸਥੱਲ ਬਣਾ ਕੇ ਏਥੇ ਦੋ ਦੂਰਬੀਨਾਂ ਸਥਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਸ਼ਰਧਾਲੂਆਂ ਦੀ ਸਹੂਲਤ ਤੇ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਸ਼ਰਧਾਲੂਆਂ ਨੂੰ ਏਥੇ ਦਰਸ਼ਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਓਧਰ ਡੇਰਾ ਬਾਬਾ ਨਾਨਕ ਦਰਸ਼ਨ ਸਥੱਲ ਉੱਪਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਨਵੀਆਂ ਦੂਰਬੀਨਾਂ ਰਾਹੀਂ ਅਸਾਨੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦਰਸ਼ਨ ਸਥੱਲ ਦਿੱਖ ਵੀ ਬਹੁਤ ਖੂਬਸੂਰਤ ਬਣ ਗਈ ਹੈ ਜਿਸ ਲਈ ਸਰਕਾਰ ਵਧਾਈ ਦੀ ਹੱਕਦਾਰ ਹੈ।
ਇਸ ਮੌਕੇ ਡੇਰਾ ਬਾਬਾ ਨਾਨਕ ਲੈਂਡ ਪੋਰਟ ਅਥਾਰਟੀ ਦੇ ਜੀ.ਐੱਮ. ਸ੍ਰੀ ਟੀ.ਆਰ. ਸ਼ਰਮਾਂ, ਬੀ.ਐੱਸ.ਐੱਫ ਦੇ ਕਮਾਂਡੈਂਟ ਐੱਸ.ਐੱਸ. ਗਰਚਾ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਬੀ.ਡੀ.ਪੀ.ਓ. ਸ. ਦਿਲਬਾਗ ਸਿੰਘ, ਸੁਪਰਡੈਂਟ ਰਛਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।