ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸ਼ਹਿਣਾ ਦਾ ਨਾਮ ਪ੍ਰਸਿੱਧ ਸਾਹਿਤਕਾਰ ਬਲਵੰਤ ਗਾਰਗੀ ਦੇ ਨਾਮ ਉਤੇ ਰੱਖਿਆ
ਮੀਤ ਹੇਅਰ ਨੇ ਇਤਿਹਾਸਕ ਫੈਸਲੇ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਬਰਨਾਲਾ, 25 ਜਨਵਰੀ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸਿੱਖਿਆ ਵਿਭਾਗ ਨੇ ਇਕ ਅਹਿਮ ਫੈਸਲਾ ਲੈਂਦਿਆਂ ਇਸ ਜ਼ਿਲੇ ਦੇ ਪਿੰਡ ਸ਼ਹਿਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦਾ ਨਾਮ ਸ਼ਹਿਣਾ ਵਿਖੇ ਜਨਮੇ ਉੱਚ ਕੋਟੀ ਦੇ ਸਾਹਿਤਕਾਰ ਬਲਵੰਤ ਗਾਰਗੀ ਦੇ ਨਾਮ ਉੱਤੇ ਰੱਖਿਆ ਹੈ। ਇਸ ਸਬੰਧੀ ਅੱਜ ਬਾਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਇਤਿਹਾਸਕ ਫੈਸਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਪਿੰਡ ਵਾਸੀਆਂ ਅਤੇ ਸਾਹਿਤ ਜਗਤ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲੇ ਮੰਨੇ ਪ੍ਰਮੰਨੇ ਸਾਹਿਤਕਾਰ ਬਲਵੰਤ ਗਾਰਗੀ ਦੀ ਯਾਦ ਵਿੱਚ ਭਾਸ਼ਾ ਵਿਭਾਗ ਵੱਲੋਂ ਨਵੰਬਰ 2022 ਵਿੱਚ ਉਨ੍ਹਾਂ ਦੇ ਜਨਮ ਅਸਥਾਨ ਸ਼ਹਿਣਾ ਦੀ ਨਹਿਰੀ ਕੋਠੀ ਵਿਖੇ ਪਹਿਲੀ ਵਾਰ ਸਰਕਾਰੀ ਸਮਾਗਮ ਕਰਵਾਇਆ ਗਿਆ ਸੀ ਅਤੇ ਹੁਣ ਸਰਕਾਰ ਵੱਲੋਂ ਉਨ੍ਹਾਂ ਦੇ ਜਨਮ ਵਾਲੇ ਪਿੰਡ ਦਾ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖਿਆ ਗਿਆ ਹੈ।
ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ, ਦੇਸ਼ ਭਗਤਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦੇ ਮਾਣ-ਸਨਮਾਨ ਲਈ ਵਚਨਬੱਧ ਹੈ।ਸਰਕਾਰ ਵੱਲੋਂ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਨਾਮ ਉੱਤੇ ਵੀ ਸਕੂਲਾਂ ਦੇ ਨਾਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸਾਹਿਤਕਾਰ ਸਾਡਾ ਸਰਮਾਇਆ ਹੈ ਅਤੇ ਉਨ੍ਹਾਂ ਦੇ ਨਾਮ ਉਤੇ ਯਾਦਗਾਰਾਂ ਸਥਾਪਤ ਕਰਨ ਨਾਲ ਹੀ ਆਉਣ ਵਾਲੀ ਪੀੜ੍ਹੀ ਨੂੰ ਅਮੀਰ ਵਿਰਸੇ ਵਿੱਚ ਸਾਹਿਤਕਾਰਾਂ ਦੇ ਯੋਗਦਾਨ ਬਾਰੇ ਪਤਾ ਲੱਗੇਗਾ।