ਪੰਜਾਬ

ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਫ਼ੋਟੋ ਜਰਨਲਿਸਟ ਸੰਤੋਖ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੀਨੀਅਰ ਫ਼ੋਟੋ ਜਰਨਲਿਸਟ ਸੰਤੋਖ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
  • PublishedDecember 21, 2023

ਚੰਡੀਗੜ੍ਹ, 21 ਦਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੀਨੀਅਰ ਫ਼ੋਟੋ ਜਰਨਲਿਸਟ ਸੰਤੋਖ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਪੱਤਰਕਾਰ ਭਾਈਚਾਰੇ ਵਿੱਚ ’ਤਾਇਆ ਜੀ’ ਵਜੋਂ ਜਾਣੇ ਜਾਂਦੇ ਸਰਦਾਰ ਸੰਤੋਖ ਸਿੰਘ (78) ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਸਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਅੱਜ ਸਵੇਰੇ ਤੜਕੇ ਆਖ਼ਰੀ ਸਾਹ ਲਏ।

ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸਰਦਾਰ ਸੰਤੋਖ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਬਤੌਰ ਫ਼ੋਟੋ ਜਰਨਲਿਸਟ ਲੰਮਾ ਸਮਾਂ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੇ ਨਿੱਘੇ ਸੁਭਾਅ ਤੇ ਰੂਹਦਾਰ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਜ਼ਿੰਦਗੀ ਸਖ਼ਤ ਮਿਹਨਤ ਕਰਕੇ ਨਾਮਣਾ ਖੱਟਣ ਵਾਲੇ ਸਰਦਾਰ ਸੰਤੋਖ ਸਿੰਘ ਪੱਤਰਕਾਰੀ ਦੀਆਂ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ।

ਕੈਬਨਿਟ ਮੰਤਰੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਸਵਰਗੀ ਸੰਤੋਖ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਇੰਦਰਜੀਤ ਸਿੰਘ (ਸੀਨੀਅਰ ਕੈਮਰਾਮੈਨ) ਅਤੇ ਇੱਕ ਪੁੱਤਰੀ ਛੱਡ ਗਏ ਹਨ।

Written By
The Punjab Wire