ਅੰਬੇਦਕਰ ਇੰਸਟੀਚਿਊਟ ਆਫ ਕਰੀਅਰਜ਼ ਐਂਡ ਕੋਰਸਿਜ਼ ਮੋਹਾਲੀ ਵਿਖੇ ਕੋਚਿੰਗ ਲੈਣ ਬਾਅਦ ਸਫ਼ਲਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ
ਸਿਵਲ ਸੇਵਾਵਾਂ ਅਤੇ ਹੋਰ ਰੋਜ਼ਗਾਰ-ਮੁਖੀ ਕੋਰਸਾਂ ਦੀ ਕੋਚਿੰਗ ਲੈਣ ਵਾਲੇ ਉਮੀਦਵਾਰਾਂ ਨੂੰ ਦਿੱਤੇ ਜਾ ਰਹੇ ਵਜ਼ੀਫ਼ਿਆਂ ਦੀ ਰਾਸ਼ੀ ਵਿੱਚ ਵਾਧੇ ਦਾ ਐਲਾਨ
ਅੰਬੇਡਕਰ ਇੰਸਟੀਚਿਊਟ ਵਿੱਚ ਬੁਨਿਆਦੀ ਢਾਂਚੇ ਅਤੇ ਮਾਨਵੀ ਸ਼ਕਤੀ ਨੂੰ ਆਉਣ ਵਾਲੇ ਦਿਨਾਂ ਵਿੱਚ ਮਜ਼ਬੂਤ ਕੀਤਾ ਜਾਵੇਗਾ
ਐਸ.ਏ.ਐਸ.ਨਗਰ/ਚੰਡੀਗੜ੍ਹ, 20 ਦਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਵਿਭਾਗ ਵੱਲੋਂ ਮੋਹਾਲੀ ਵਿਖੇ ਚਲਾਏ ਜਾ ਰਹੇ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼ ਵਿਖੇ ਐਸ ਸੀ/ਬੀ ਸੀ ਅਤੇ ਘੱਟ ਗਿਣਤੀਆਂ ਨਾਲ ਸਬੰਧਤ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਅੰਬੇਦਕਰ ਇੰਸਟੀਚਿਊਟ ਰਾਹੀਂ ਕੋਚਿੰਗ ਲੈਣ ਦੇ ਚਾਹਵਾਨ ਲੋੜਵੰਦ ਵਿਦਿਆਰਥੀਆਂ/ਉਮੀਦਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਇੰਸਟੀਚਿਊਟ ਇਸ ਵੇਲੇ ਆਈ ਏ ਐਸ/ਪੀ ਸੀ ਐਸ/ਸਿਵਲ ਸੇਵਾਵਾਂ ਦੇ ਚਾਹਵਾਨਾਂ ਨੂੰ ਕੋਚਿੰਗ ਦੇਣ ਤੋਂ ਇਲਾਵਾ ਗ੍ਰੈਜੂਏਟਾਂ ਲਈ ਸਟੈਨੋਗ੍ਰਾਫੀ ਵਿੱਚ ਇੱਕ ਸਾਲ ਦਾ ਕੋਰਸ ਚਲਾ ਰਿਹਾ ਹੈ। ਉਨ੍ਹਾਂ ਵੱਲੋਂ ਅੱਜ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਲਗਭਗ 45 ਸਿਖਿਆਰਥੀਆਂ ਨੂੰ ਟਰਾਫੀ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇੰਸਟੀਚਿਊਟ ਨੂੰ ਆਪਣਾ ਮੰਦਰ ਮੰਨਦੇ ਹਨ, ਉਹ ਆਪਣਾ ਭਵਿੱਖ ਸੰਵਾਰਨ ਲਈ ਸੰਸਥਾ ਅੱਗੇ ਅੱਜ ਵੀ ਝੁਕਦੇ ਹਨ।
ਮੰਤਰੀ ਨੇ ਇੱਥੇ ਕੋਚਿੰਗ ਪ੍ਰਾਪਤ ਕਰਨ ਵਾਲੇ ਆਈ.ਏ.ਐੱਸ./ਪੀ.ਸੀ.ਐੱਸ./ਸਿਵਲ ਸੇਵਾਵਾਂ ਦੇ ਚਾਹਵਾਨਾਂ ਦੀ ਮੌਜੂਦਾ ਵਜ਼ੀਫ਼ਾ ਰਾਸ਼ੀ 3000 ਤੋਂ ਵਧਾ ਕੇ 10000 ਕਰਨ ਦਾ ਐਲਾਨ ਕੀਤਾ ਜਦੋਂ ਕਿ ਸਟੈਨੋਗ੍ਰਾਫੀ ਦੇ ਸਿਖਿਆਰਥੀਆਂ ਲਈ 1500 ਤੋਂ 5000 ਕਰਨ ਦਾ ਐਲਾਨ ਕੀਤਾ ਜੋ ਕਿ ਮਹਿੰਗਾਈ ਦੀ ਵਧਦੀ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਉਡੀਕੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਕਮਜ਼ੋਰ ਵਰਗਾਂ ਅਤੇ ਲੋੜਵੰਦ ਉਮੀਦਵਾਰਾ, ਜੋ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਕੇ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹਨ, ਨੂੰ ਕੋਚਿੰਗ ਦੇਣ ਦਾ ਸੰਕਲਪ , ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਦੇ ਆਦਰਸ਼ਾਂ ‘ਤੇ ਆਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਸੂਬੇ ਨੂੰ ਇੱਕ ਪ੍ਰਗਤੀਸ਼ੀਲ ਅਤੇ ਸਿਹਤਮੰਦ ਸੂਬੇ ਵਿੱਚ ਬਦਲਣ ਲਈ ਅਤੇ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਇੰਸਟੀਚਿਊਟ ਨੇ ਪਿਛਲੇ ਸਮੇਂ ਵਿੱਚ ਇੱਥੋਂ ਕੋਚਿੰਗ ਲੈਣ ਵਾਲੇ ਬਹੁਤ ਸਾਰੇ ਲੋਕਾਂ ਦੇ ਕਰੀਅਰ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਨਾਲ-ਨਾਲ ਲੋੜੀਂਦੇ ਸਟਾਫ਼ ਦੀ ਭਰਤੀ ਕਰਕੇ ਸੰਸਥਾ ਨੂੰ ਮਜ਼ਬੂਤ ਕਰੇਗੀ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਦੌਰਾਨ ਆਪਣੇ ਸੰਘਰਸ਼ਮਈ ਜੀਵਨ ਬਾਰੇ ਦੱਸਦਿਆਂ ਉਸ ਨੇ ਕਿਹਾ ਕਿ ਇਹ ਮਿਹਨਤ ਹੀ ਅਖੀਰ ਨੂੰ ਫ਼ਲ ਦਿੰਦੀ ਹੈ।
ਉਨ੍ਹਾਂ ਸੰਸਥਾ ਵਿੱਚ ਦਾਖ਼ਲਾ ਲੈ ਕੇ ਨੌਕਰੀਆਂ ਹਾਸਲ ਕਰਨ ਵਾਲੇ ਉਮੀਦਵਾਰਾਂ ’ਤੇ ਆਧਾਰਿਤ ਓਲਡ ਸਕੂਲ ਐਸੋਸੀਏਸ਼ਨ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਪ੍ਰਮੁੱਖ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ, ਵੀ ਕੇ ਮੀਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੰਤਰੀ ਮੈਡਮ ਦੀ ਅਗਵਾਈ ਹੇਠ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਸੰਸਥਾ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਇਸ ਮੌਕੇ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਜਸਪ੍ਰੀਤ ਸਿੰਘ, ਪ੍ਰਿੰਸੀਪਲ ਆਸ਼ੀਸ਼ ਕਥੂਰੀਆ, ਓਲਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਸਿੰਘ ਅਤੇ ਇੰਸਟ੍ਰਕਟਰ ਅਤੇ ਗੈਸਟ ਫੈਕਲਟੀ ਮੈਂਬਰ ਹਾਜ਼ਰ ਸਨ।