ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ, ਬਟਾਲਾ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ-ਚੇਅਰਮੈਨ ਦਲਵੀਰਸਿੰਘ

ਪੰਜਾਬ ਸਰਕਾਰ, ਬਟਾਲਾ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ-ਚੇਅਰਮੈਨ ਦਲਵੀਰਸਿੰਘ
  • PublishedDecember 19, 2023

ਉਦਯੋਗ ਖੇਤਰ ਨੂੰ ਮੁੜ ਲੀਹਾਂ ਤੇ ਖੜ੍ਹਾ ਕਰਨ ਲਈ ਦ੍ਰਿੜ ਸੰਕਲਪ-ਵਿਧਾਇਕ ਸ਼ੈਰੀ ਕਲਸੀ

ਚੇਅਰਮੈਨ ਦਲਵੀਰ ਸਿੰਘ ਤੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦੇ ਸਨਅਤਕਾਰਾਂ ਨਾਲ ਕੀਤੀ ਮੀਟਿੰਗ

ਬਟਾਲਾ, 19 ਦਸੰਬਰ 2023 ( ਪੰਜਾਬ ਵਾਇਰ ) । ਸ. ਦਲਵੀਰ ਸਿੰਘ, ਚੇਅਰਮੈਨ ਪੰਜਾਬ ਲਘੂ ਉਦਯੋਗ ਇੰਡਸਟਰੀ ਐਂਡ ਸਪੋਰਟਸ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਉੱਘੇ ਸਨਅਤਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਨੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਨੇ ਕਿਹਾ ਕਿ ਬਟਾਲਾ ਦਾ ਉਦਯੋਗ ਦੇ ਖੇਤਰ ਵਿੱਚ ਵੱਡਾ ਨਾਮ ਹੈ ਅਤੇ ਬਟਾਲਾ ਦੀ ਸਨਅਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਰਕਾਰ ਯਤਨਸ਼ੀਲ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੀ ਦਿਨੀਂ ਕਰਵਾਈ ‘ਸਰਕਾਰ-ਸਨਅਤਕਾਰ ਮਿਲਣੀ’ ਪੰਜਾਬ ਦੇ ਉਦਯੋਗ ਖੇਤਰ ਲਈ ਮੀਲ ਪੱਥਰ ਸਾਬਤ ਹੋਈ ਹੈ ਅਤੇ ਸਨਅਤਕਾਰਾਂ ਨੇ ਪੰਜਾਬ ਸਰਕਾਰ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ ਤੇ ਕਿਹਾ ਸੀ ਕਿ ਇਹ ਉਪਰਾਲਾ ਉਦਯੋਗ ਨੂੰ ਨਵੀਂ, ਤਰੱਕੀ ਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਵੱਡਾ ਕਦਮ ਹੈ।

ਚੇਅਰਮੈਨ ਨੇ ਅੱਗੇ ਕਿਹਾ ਕਿ ਇਸ ਮਿਲਣੀ ਦੌਰਾਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਸਨਅਤਕਾਰਾਂ ਲਈ ਮੌਕੇ ਤੇ ਹੀ ਕਈ ਐਲਾਨ ਕੀਤੇ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਾ ਕੇਵਲ ਨਵੇਂ ਉਦਯੋਗਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਬਲਕਿ ਪੁਰਾਣੇ ਉਦਯੋਗਾਂ ਦੀ ਪੁਨਰ-ਸੁਰਜੀਤੀ ਲਈ ਢੁੱਕਵੇਂ ਕਦਮ ਉਠਾਏ ਗਏ ਹਨ, ਜਿਸ ਨਾਲ ਸੂਬੇ ਦੇ ਸਨਅਤਕਾਰਾਂ ਲਈ ਨਵੀਂ ਉਮੰਗ ਪੈਦਾ ਹੋਈ ਹੈ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਚੇਅਰਮੈਨ ਦਲਵੀਰ ਸਿੰਘ ਦਾ ਬਟਾਲਾ ਵਿਖੇ ਪੁਹੰਚਣ ’ਤੇ ਧੰਨਵਾਦ ਕੀਤਾ। ਬਟਾਲਾ ਸਨਅਤ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਬਟਾਲਾ ਦੀ ਸਨਅਤ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਯਤਨਸ਼ੀਲ ਹਨ ਅਤੇ ਇਸੇ ਸੰਦਰਭ ਵਿੱਚ ਉਹ ਲਗਾਤਾਰ ਸਬੰਧਤ ਵਿਭਾਗਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ। ਉਨਾਂ ਦੱਸਿਆ ਕਿ  ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਮੰਗਾਂ ਦੀ ਪੂਰਤੀ ਲਈ ਉਹ ਲਗਾਤਾਰ ਸਨਅਤਕਾਰਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ। ਸਨਅਤਕਾਰਾਂ ਕੋਲੋਂ ਸੁਝਾਅ ਲਏ ਜਾਂਦੇ ਹਨ ਤਾਂ ਜੋ ਵਿਸ਼ਵ ਪ੍ਰਸਿੱਧ ਬਟਾਲਾ ਦੀ ਸਨਅਤ ਨੂੰ ਮੁੜ ਦੁਨੀਆਂ ਦੇ ਨਕਸ਼ੇ ਤੇ ਲੈ ਕੇ ਜਾਇਆ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਜ ਡੇਢ ਸਾਲ ਦੇ ਕਾਰਜਕਾਲ ਦੌਰਾਨ, ਉਦਯੋਗ ਜਗਤ ਦੇ ਹਿੱਤ ਵਿੱਚ ਵੱਡੇ ਕਦਮ ਉਠਾਏ ਹਨ ਅਤੇ ਪੰਜਾਬ ਮੁੜ ਸਨਅਤੀ ਖੇਤਰ ਵਿੱਚ ਮੋਹਰੀ ਰੋਲ ਨਿਭਾਏਗਾ।

ਇਸ ਮੌਕੇ ਬਟਾਲਾ ਦੇ ਸਨਅਤਕਾਰ ਚੇਅਰਮੈਨ ਸੁਖਜਿੰਦਰ ਸਿੰਘ, ਚੇਅਰਮੈਨ ਨਰੇਸ਼ ਗੋਇਲ, ਰਾਕੇਸ਼ ਗੋਇਲ, ਮੁਨੀਸ਼ ਅਗਰਵਾਲ, ਰਮੇਸ਼ ਸ਼ਰਮਾ, ਰਵਿੰਦਰ ਹਾਂਡਾ, ਵਿਨੇਸ਼ ਸ਼ੁਕਲਾ, ਅਜੇ ਮਹਾਜਨ, ਬੁਧੀਸ਼ ਅਗਰਵਾਲ,  ਪਵਨ ਕੁਮਾਰ ਪੰਮਾ, ਸਤੀਸ਼ ਗੋਇਲ, ਭਾਰਤ ਭੂਸ਼ਣ, ਮਨਜੀਤ ਸਿੰਘ ਭੁੱਲਰ ਸਮੇਤ ਸ਼ਹਿਰ ਦੇ ਉੱਘੇ ਸਨਅਤਾਕਰ ਮੌਜੂਦ ਸਨ।

Written By
The Punjab Wire