ਆਈਆਈਟੀ ਰੋਪੜ ਅਤੇ ਕਰਨਾਟਕ ਦੇ ਨੌਜਵਾਨਾਂ ਦਾ ਇੱਕ ਵਫ਼ਦ ਯੁਵਾ ਸੰਗਮ ਦੇ ਤਹਿਤ ਐਕਸਪੋਜ਼ਰ ਦੌਰੇ ਦੌਰਾਨ ਰਾਜਪਾਲ ਨੂੰ ਮਿਲਿਆ
ਚੰਡੀਗੜ੍ਹ, 18 ਦਸੰਬਰ 2023 (ਦੀ ਪੰਜਾਬ ਵਾਇਰ)। ਆਈ.ਆਈ.ਟੀ ਰੋਪੜ ਅਤੇ ਆਈ.ਆਈ.ਟੀ ਕਰਨਾਟਕ ਦੇ ਰੌਸ਼ਨਦਿਮਾਗ਼ ਨੌਜਵਾਨਾਂ ਦਾ ਇੱਕ ਵਫ਼ਦ ਸੋਮਵਾਰ ਨੂੰ ‘ਏਕ ਭਾਰਤ ਸ੍ਰੇਸ਼ਟ ਭਾਰਤ’ ਸਕੀਮ ਤਹਿਤ ਯੁਵਾ ਸੰਗਮ ਵਿੱਚ ਪੰਜਾਬ ਰਾਜ ਭਵਨ ਵਿਖੇ ਇਕੱਤਰ ਹੋਇਆ।
ਸਰਗਰਮ ਸ਼ਮੂਲੀਅਤ ਅਤੇ ਸਕਾਰਾਤਮਕ ਤਬਦੀਲੀ ਲਈ ਜੋਸ਼ ਨੂੰ ਜਗਾਉਂਦੇ ਹੋਏ, ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸਮੂਹ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਆਪਣੇ ਕੰਮਾਂ ਵਿੱਚ ਦਿਸ਼ਾ ਦੇਣ ਵਾਲੇ ਸਿਧਾਂਤਾਂ ਵਜੋਂ ਲਗਨ, ਇਮਾਨਦਾਰੀ ਅਤੇ ਸਮਰਪਣ ਨੂੰ ਅਪਣਾਉਣ ਲਈ ਉਤਸ਼ਾਹਤ ਕਰਦੇ ਹੋਏ, ਰਾਜਪਾਲ ਨੇ ਦੇਸ਼ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਸਚਾਈ ਅਤੇ ਰਾਸ਼ਟਰੀ ਹਿੱਤਾਂ ਦੀ ਪ੍ਰਮੁੱਖ ਭੂਮਿਕਾ ’ਤੇ ਜ਼ੋਰ ਦਿੱਤਾ।
ਰਾਜਪਾਲ ਨੇ ਨੌਜਵਾਨਾਂ ਨੂੰ ਕਿਹਾ ‘‘ਮਿਹਨਤ ਕਰੋ, ਸੱਚ ਬੋਲੋ, ਅਤੇ ਕਦੇ ਵੀ ਇਮਾਨਦਾਰੀ ਦਾ ਰਾਹ ਨਾ ਛੱਡੋ ।’’ ਸੱਚ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਰਾਸ਼ਟਰ ਪ੍ਰਤੀ ਤੁਹਾਡਾ ਸਮਰਪਣ ਤੁਹਾਡੀ ਵਿਰਾਸਤ ਨੂੰ ਪਰਿਭਾਸ਼ਤ ਕਰੇਗਾ। ਭ੍ਰਿਸ਼ਟਾਚਾਰ ਦੇ ਵਿਰੁੱਧ ਆਪਣੀ ਆਵਾਜ਼ ਨਿਡਰਤਾ ਨਾਲ ਬੁਲੰਦ ਕਰੋ, ਕਿਉਂਕਿ ਜਿਸ ਦਿਨ ਕੋਈ ਸੱਚ ਬੋਲਣਾ ਬੰਦ ਕਰ ਦਿੰਦਾ ਹੈ, ਉਹ ਦਿਨ ੳਹ ਆਪਣਾ ਜ਼ਮੀਰ ਨਾਲ ਸਮਝੌਤਾ ਕਰ ਲੈਂਦਾ ਹੈ।’’
‘ਯੁਵਾ ਸੰਗਮ’ ਦੇ ਤਹਿਤ ਇਸ ਨਵੇਕਲੇ ਤੇ ਪ੍ਰਮੁੱਖ ਦੌਰੇ ’ਤੇ ਰਾਜਪਾਲ ਦੇ ਪ੍ਰੇਰਨਾਦਾਇਕ ਭਾਸ਼ਣ ਨੇ ਨੌਜਵਾਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸ੍ਰੀ ਪੁਰੋਹਿਤ ਦੇ ਇਸ ਭਾਸ਼ਣ ਨੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਇੱਕ ਨਵੀਂ ਵਚਨਬੱਧਤਾ ਦੀ ਪ੍ਰੇਰਣਾ ਦਿੱਤੀ।
ਬਾਅਦ ਵਿੱਚ, ਚਾਹ ਦੌਰਾਨ ਵਿਦਿਆਰਥੀਆਂ ਅਤੇ ਕੋਆਰਡੀਨੇਟਰਾਂ ਸਮੇਤ 50 ਦੇ ਕਰੀਬ ਪ੍ਰਤੀਭਾਗੀਆਂ ਦੇ ਵਫ਼ਦ ਨੇ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਵਿੱਚ ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ ਵੀ ਸ਼ਾਮਲ ਸਨ।