ਡਿਪਟੀ ਕਮਿਸ਼ਨਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦੀਆਂ ਹਦਾਇਤਾਂ
ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹੇ ਦੀਆਂ 5188 ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਦਿੱਤਾ ਗਿਆ
ਗੁਰਦਾਸਪੁਰ, 11 ਦਸੰਬਰ 2023 (ਦੀ ਪੰਜਾਬ ਵਾਇਰ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਤਾਂ ਜੋ ਹਰ ਲਾਭਪਾਤਰੀ ਇਸ ਦਾ ਲਾਭ ਉਠਾ ਸਕਣ। ਸਥਾਨਕ ਪੰਚਾਇਤ ਭਵਨ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਗਤੀ ਦਾ ਜਾਇਜਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਰਕਾਰ ਦੁਆਰਾ ਪੇਸ਼ ਕੀਤੀ ਗਈ ਇੱਕ ਜਣੇਪਾ ਲਾਭ ਯੋਜਨਾ ਹੈ ਜਿਸ ਦੇ ਤਹਿਤ ਗਰਭਵਤੀ ਔਰਤਾਂ ਨੂੰ ਆਂਸ਼ਿਕ ਵਿੱਤੀ ਸਹਾਇਤਾ ਮਾਂ ਅਤੇ ਬੱਚੇ ਦੀਆਂ ਸਿਰਤ ਅਤੇ ਖੁਰਾਕ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਵਾਸੀਆਂ ਨਾਲ ਇਸ ਸਕੀਮ ਦਾ ਬਿਓਰਾ ਸਾਂਝਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਇੱਕ ਔਰਤ ਨੂੰ ਪਹਿਲੇ ਦੋ ਜੀਵਤ ਬੱਚਿਆਂ ਲਈ ਉਪਲਬਧ ਹੈ ਬਸ਼ਰਤੇ ਕਿ ਦੂਜਾ ਬੱਚਾ ਇੱਕ ਲੜਕੀ ਹੋਵੇ। ਉਨ੍ਹਾਂ ਦੱਸਿਆ ਕਿ ਪਹਿਲੇ ਬੱਚੇ ਦੇ ਮਾਮਲੇ ਵਿੱਚ ਦੋ ਕਿਸ਼ਤਾਂ ਵਿੱਚ ਕੁੱਲ 5000 ਰੁਪਏ ਦੀ ਰਕਮ ਅਤੇ ਦੂਜੇ ਬੱਚੇ ਲਈ, ਕੁੱਲ 6000 ਰੁਪਏ ਦਾ ਲਾਭ ਜਨਮ ਤੋਂ ਬਾਅਦ ਇੱਕ ਕਿਸ਼ਤ ਵਿੱਚ ਦੂਜਾ ਬੱਚਾ ਲੜਕੀ ਹੋਣ ਤੇ ਦਿੱਤਾ ਜਾਂਦਾ ਹੈ। ਸਕੀਮ ਦਾ ਲਾਭ ਲੈਣ ਲਈ ਗਰਭ ਅਵਸਥਾ ਦੌਰਾਨ ਰਜਿਸਟਰੇਸ਼ਨ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਹਤ ਸੰਸੰਥਾ ਵਿੱਚ ਇਸ ਸਕੀਮ ਤਹਿਤ ਲਾਭ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਟ੍ਰਾਂਸਫਰ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਜੋ ਸ਼ਰਤਾਂ ਨਿਰਧਾਰਤ ਕੀਤੀਆਂ ਹਨ ਉਸ ਅਨੁਸਾਰ ਉਹ ਔਰਤਾਂ ਜੋ ਅੰਸ਼ਕ ਤੌਰ `ਤੇ (40ਫੀਸਦੀ) ਜਾਂ ਪੂਰੀ ਤਰ੍ਹਾਂ ਦਿਵਯਾਂਗਜਨ ਹਨ। ਬੀਪੀਐਲ ਰਾਸ਼ਨ ਕਾਰਡ ਦੀ ਮਹਿਲਾ ਧਾਰਕ। ਆਯੁਸ਼ਮਾਨ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਧੀਨ ਮਹਿਲਾ ਲਾਭਪਾਤਰੀ। ਈ-ਸ਼ਰਮ ਕਾਰਡ ਰੱਖਦੀਆਂ ਹੋਈਆਂ ਔਰਤਾਂ। ਕਿਸਾਨ ਸਨਮਾਨ ਨਿਧੀ ਦੇ ਤਹਿਤ ਲਾਭਪਾਤਰੀ ਮਹਿਲਾ ਕਿਸਾਨ। ਮਗਨਰੇਗਾ ਜੌਬ ਕਾਰਡ ਹੋਲਡਰ ਔਰਤਾਂ। ਔਰਤਾਂ ਜਿਨ੍ਹਾਂ ਦੀ ਕੁੱਲ ਪਰਿਵਾਰਕ ਆਮਦਨ 8 ਲੱਖ ਪ੍ਰਤੀ ਸਾਲ ਰੁਪਏ ਤੋਂ ਘੱਟ ਹੈ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਏ.ਡਬਲਿਊ.ਡਬਲਿਊ, ਏ.ਡਬਲਿਊ.ਐੱਚ ਅਤੇ ਆਸ਼ਾ ਵਰਕਰ।
ਇਸ ਤੋਂ ਇਲਾਵਾ, ਸਾਰੀਆਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਨਿਯਮਤ ਰੁਜ਼ਗਾਰ ਵਿੱਚ ਹਨ ਜਾਂ ਜੋ ਕਿ ਮੌਜੂਦਾ ਸਮੇਂ ਲਈ ਲਾਗੂ ਕਿਸੇ ਕਾਨੂੰਨ ਦੇ ਤਹਿਤ ਸਮਾਨ ਲਾਭ ਪ੍ਰਾਪਤ ਕਰ ਰਹੀਆਂ ਹਨ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਅਧੀਨ ਲਾਭਾਂ ਦੇ ਹੱਕਦਾਰ ਨਹੀਂ ਹੋਣਗੀਆਂ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹੇ ਦੇ ਹੁਣ ਤੱਕ ਕੁੱਲ਼ 6590 ਲਾਭਪਾਤਰੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਰਜਿਸਟਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁੱਲ 5188 ਨੂੰ ਸਕੀਮ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਸ਼ੀ ਸਿੱਧਾ ਤੌਰ ਤੇ ਉਨ੍ਹਾਂ ਦੇ ਬੈਂਕ ਵਿੱਚ ਟਰਾਂਸਫਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।