ਗੁਰਦਾਸਪੁਰ ਪੰਜਾਬ

ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਗੁਰਦਾਸਪੁਰ ਵਿਖੇ ‘ਮਿਸ਼ਨ ਨਿਛਚੈ’ ਤਹਿਤ ਮਿੰਨੀ ਮੈਰਾਥਨ ਦਾ ਆਯੋਜਿਨ

ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਗੁਰਦਾਸਪੁਰ ਵਿਖੇ ‘ਮਿਸ਼ਨ ਨਿਛਚੈ’ ਤਹਿਤ ਮਿੰਨੀ ਮੈਰਾਥਨ ਦਾ ਆਯੋਜਿਨ
  • PublishedDecember 11, 2023

ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਨੇ ਮੈਰਾਥਨ ਵਿੱਚ ਭਾਗ ਲੈ ਕੇ ਨਸ਼ਾ ਮੁਕਤ ਪੰਜਾਬ ਦਾ ਹੋਕਾ ਦਿੱਤਾ

ਗੁਰਦਾਸਪੁਰ ਪੁਲਿਸ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਤਰਾਂ ਵਚਨਬੱਧ – ਐੱਸ.ਐੱਸ.ਪੀ. ਹਰੀਸ਼ ਦਾਯਮਾ

ਨਸ਼ਾ ਮੁਕਤ ਮੁਹਿੰਮ ਵਿੱਚ ਸਮਾਜ ਦਾ ਹਰ ਵਰਗ ਆਪਣਾ ਯੋਗਦਾਨ ਪਾਵੇ – ਰਮਨ ਬਹਿਲ

ਗੁਰਦਾਸਪੁਰ, 11 ਦਸੰਬਰ 2023 (ਦੀ ਪੰਜਾਬ ਵਾਇਰ )। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਪੁਲਿਸ ਵਿਭਾਗ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਆਮ ਜਨਤਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਗੁਰਦਾਸਪੁਰ ਸ਼ਹਿਰ ਵਿਖੇ ‘ਮਿਸ਼ਨ ਨਿਛਚੈ’ ਤਹਿਤ ਮਿੰਨੀ ਮੈਰਾਥਨ ਦਾ ਆਯੋਜਿਨ ਕੀਤਾ ਗਿਆ।

ਇਸ ਮਿੰਨੀ ਮੈਰਾਥਨ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਤੋਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਸ੍ਰੀਮਤੀ ਅਮਨਦੀਪ ਕੌਰ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਭੱਲਾ, ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ੍ਰੀ ਨਵਇੰਦਰ ਸਿੰਘ, ਐੱਸ.ਪੀ. ਨਵਜੋਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

‘ਮਿਸ਼ਨ ਨਿਛਚੈ’ ਤਹਿਤ ਇਹ ਮਿੰਨੀ ਮੈਰਾਥਨ ਸਰਕਾਰੀ ਕਾਲਜ ਤੋਂ ਸ਼ੁਰੂ ਹੋ ਕੇ ਡਾਕਖਾਨਾ ਚੌਂਕ, ਪੁਰਾਣਾ ਸਿਵਲ ਹਸਪਤਾਲ, ਹਨੂਮਾਨ ਚੌਂਕ, ਜਹਾਜ ਚੌਂਕ, ਪੰਚਾਇਤ ਭਵਨ ਚੌਂਕ ਰਾਹੀਂ ਹੁੰਦੀ ਹੋਈ ਫਿਸ਼ ਪਾਰਕ ਵਿਖੇ ਸਮਾਪਤ ਹੋਈ। ਮਿੰਨੀ ਮੈਰਾਥਨ ਦੌੜ ਦੌਰਾਨ ਲੜਕਿਆਂ ਦੇ ਵਰਗ ਵਿੱਚ ਭਾਰਤੀ ਫ਼ੌਜ ਦਾ ਜਵਾਨ ਸੋਨਾ ਰਾਮ ਪਹਿਲੇ ਸਥਾਨ ’ਤੇ ਰਿਹਾ, ਜਦਕਿ ਬਟਾਲਾ ਦਾ ਦਿਵਾਕਰ ਦੂਜੇ ਅਤੇ ਨੀਰਜ ਬਟਾਲਾ ਤੀਸਰੇ ਸਥਾਨ ’ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਬਟਾਲਾ ਦੀਆਂ ਲੜਕੀਆਂ ਨੇ ਬਾਜੀ ਮਾਰੀ ਹੈ। ਬਟਾਲਾ ਦੀ ਮੁਸਕਾਨ ਪਹਿਲੇ ਸਥਾਨ, ਦੂਜੇ ਸਥਾਨ ’ਤੇ ਤਮੰਨਾ ਅਤੇ ਤੀਜੇ ਸਥਾਨ ’ਤੇ ਮਨੀਸ਼ਾ ਰਹੀਆਂ। ਮੈਰਾਥਨ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੈਰਾਥਨ ਦੌੜ ਵਿੱਚ 11 ਸਾਲ ਦੀ ਸਭ ਤੋਂ ਛੋਟੀ ਉਮਰ ਦੀ ਦੌੜਾਕ ਚਾਰੂ ਪ੍ਰਭਾ ਨੇ ਵੀ ਭਾਗ ਲਿਆ ਜਿਸ ਲਈ ਉਸਨੂੰ ਵੀ ਸਨਮਾਨਿਤ ਕੀਤਾ ਗਿਆ।

ਮਿੰਨੀ ਮੈਰਾਥਨ ਦੌੜ ਦੀ ਸਮਾਪਤੀ ਮੌਕੇ ਫਿਸ਼ ਪਾਰਕ ਵਿਖੇ ਪੁਲਿਸ ਵਿਭਾਗ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਮਿਸ਼ਨ ਨਿਛਚੈ ਤਹਿਤ ਜ਼ਿਲ੍ਹੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਮਾਜ ਦੇ ਹਰ ਵਰਗ ਦਾ ਸਾਥ ਲਿਆ ਜਾਵੇਗਾ ਅਤੇ ਮਿਸ਼ਨ ਨਿਛਚੈ ਨੂੰ ਸਫਲ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਦੀ ਮਿੰਨੀ ਮੈਰਾਥਨ ਦੌੜ ਰਾਹੀਂ ਵੀ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਫੌਜ ਦੇ ਜਵਾਨਾਂ, ਸਮੂਹ ਖੇਡ ਕਲੱਬਾਂ, ਨਸ਼ਾ ਵਿਰੋਧੀ ਕਮੇਟੀਆਂ, ਨੌਜਵਾਨਾਂ, ਐੱਨ.ਜੀ.ਓ ਕਲੱਬਾਂ ਅਤੇ ਆਮ ਪਬਲਿਕ ਦਾ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਮੁਕਤੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਵੀ ਪੁਲਿਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

Written By
The Punjab Wire