Close

Recent Posts

ਪੰਜਾਬ

ਚਾਲੂ ਵਿੱਤੀ ਸਾਲ ਦੌਰਾਨ ਮਾਤਰੂ ਵੰਦਨਾ ਯੋਜਨਾ ਤਹਿਤ 98036 ਲਾਭਪਾਤਰੀਆਂ ਦੇ ਫਾਰਮ ਭਰਨ ਦਾ ਮਿਥਿਆ ਟੀਚਾ: ਡਾ. ਬਲਜੀਤ ਕੌਰ

ਚਾਲੂ ਵਿੱਤੀ ਸਾਲ ਦੌਰਾਨ ਮਾਤਰੂ ਵੰਦਨਾ ਯੋਜਨਾ ਤਹਿਤ 98036 ਲਾਭਪਾਤਰੀਆਂ ਦੇ ਫਾਰਮ ਭਰਨ ਦਾ ਮਿਥਿਆ ਟੀਚਾ: ਡਾ. ਬਲਜੀਤ ਕੌਰ
  • PublishedDecember 7, 2023

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਟੀਚਾ ਪੂਰਾ ਕਰਕੇ ਬਣਿਆ ਮੋਹਰੀ

ਮੰਤਰੀ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਯੋਗ ਔਰਤ ਲਾਭਪਾਤਰੀਆਂ ਨੂੰ ਫਾਰਮ ਭਰਨ ਦੀ ਕੀਤੀ ਅਪੀਲ

ਚੰਡੀਗੜ੍ਹ, 7 ਦਸੰਬਰ 2023 (ਦੀ ਪੰਜਾਬ ਵਾਇਰ)। ਸੂਬੇ ਦੇ ਆਂਗਣਵਾੜੀ ਸੈਂਟਰਾਂ ਵਿੱਚ ਪਹਿਲੇ ਬੱਚੇ ਲੜਕਾ ਜਾਂ ਲੜਕੀ ਅਤੇ ਦੂਜੇ ਬੱਚੇ ਲੜਕੀ ਦੇ ਜਨਮ ਤੇ ਔਰਤ ਲਾਭਪਾਤਰੀਆਂ ਨੂੰ ਕ੍ਰਮਵਾਰ 5000 ਰੁਪਏ ਅਤੇ 6000 ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਫਾਰਮ ਭਰੇ ਜਾ ਰਹੇ ਹਨ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਇੱਥੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਾਲੂ ਵਿੱਤੀ ਸਾਲ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 98036 ਲਾਭਪਾਤਰੀਆਂ ਦੇ ਫਾਰਮ ਭਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਨੂੰ ਉਨ੍ਹਾਂ ਅਧੀਨ ਆਉਂਦੇ ਆਂਗਣਵਾੜੀ ਕੇਂਦਰਾਂ ਦੇ ਅਨੁਸਾਰ ਟੀਚਾ ਦਿੱਤਾ ਗਿਆ ਹੈ ਜੋ ਕਿ ਇਸ ਵਿੱਤੀ ਸਾਲ ਦੇ ਅੰਤ ਤਕ ਪੂਰਾ ਕਰਨਾ ਜਰੂਰੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਸਾਲ ਦੇ ਅੰਤ ਤੱਕ ਕੁੱਲ 3212 ਫਾਰਮ ਭਰਨ ਦਾ ਟੀਚਾ ਦਿੱਤਾ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਇਹ ਟੀਚਾ 4 ਮਹੀਨੇ ਪਹਿਲਾ ਹੀ ਪੂਰਾ ਕਰ ਲਿਆ ਗਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 3257 ਫਾਰਮ ਭਰ ਕੇ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਇਸੇ ਤਰ੍ਹਾਂ ਹੀ ਕਿ ਜ਼ਿਲ੍ਹਾ ਫਾਜ਼ਿਲਕਾ ਨੂੰ 3836 ਫਾਰਮ ਭਰਨ ਦਾ ਟੀਚਾ ਦਿੱਤਾ ਗਿਆ ਸੀ, ਜ਼ਿਲ੍ਹਾ ਫਾਜ਼ਿਲਕਾ ਨੇ 3856 ਫਾਰਮ ਭਰ ਕੇ ਸੂਬੇ ‘ਚ ਦੂਸਰਾ ਸਥਾਨ ਹਾਸਲ ਕੀਤਾ ਹੈ।

ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਜ਼ਿਲ੍ਹੇ ਵੀ ਮਿੱਥੇ ਟੀਚੇ ਨਾਲੋਂ ਵੱਧ ਫਾਰਮ ਭਰਨ ਤਾਂ ਜੋ ਇਸ ਯੋਜਨਾ ਤਹਿਤ ਯੋਗ ਲਾਭਪਾਤਰੀ ਔਰਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਯੋਗ ਔਰਤ ਲਾਭਪਾਤਰੀਆਂ ਨੂੰ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਜਾ ਕੇ ਫਾਰਮ ਭਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

Written By
The Punjab Wire