ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਨਵੇਂ ਅੱਡੇ ਦਾ ਗੁਰਦਾਸਪੁਰੀਆਂ ਨੂੰ ਚੜ੍ਹਿਆ ਚਾਅ, ਤਾਂ ਪੁਰਾਣੇ ਅੱਡੇ ਨੇੜੇ ਦੁਕਾਨਦਾਰਾਂ, ਰੇਹੜੀ ਵਾਲੇਆਂ ਦੇ ਸੁੱਕੇ ਸਾਹ

ਨਵੇਂ ਅੱਡੇ ਦਾ ਗੁਰਦਾਸਪੁਰੀਆਂ ਨੂੰ ਚੜ੍ਹਿਆ ਚਾਅ, ਤਾਂ ਪੁਰਾਣੇ ਅੱਡੇ ਨੇੜੇ ਦੁਕਾਨਦਾਰਾਂ, ਰੇਹੜੀ ਵਾਲੇਆਂ ਦੇ ਸੁੱਕੇ ਸਾਹ
  • PublishedDecember 1, 2023

ਮੇਹਰ ਚੰਦ ਰੋਡ ਸਥਿਤ ਰੇਹੜੀ ਮਾਰਕਿਟ ਵੱਲ ਦੋਬਾਰਾ ਵੱਧਿਆ ਰੇਹੜੀ ਫੜ੍ਹੀ ਵਾਲੇਆਂ ਦਾ ਰੂਝਾਣ, ਪਰ ਹੁਣ ਉੰਠ ਕਿਸ ਕਰਵਟ ਬੈਠੇਗਾ ਇਹ ਦੱਸੇਗਾ ਸਮਾਂ

ਜ਼ਿਲ੍ਹਾ ਪ੍ਰਸ਼ਾਸਨ ਦੀ ਦੂਰਅੰਦੇਸ਼ੀ ਦਾ ਨਹੀਂ ਲੈ ਸਕੇ ਫਾਇਦਾ

ਗੁਰਦਾਸਪੁਰ, 30 ਨਵੰਬਰ 2023 (ਮੰਨਨ ਸੈਣੀ)। ਬਦਲਾਵ ਇੱਕ ਨਿਰੰਤਰ ਪ੍ਰਤਿਕ੍ਰਿਰਿਆ ਦਾ ਹਿੱਸਾ ਹੈ ਅਤੇ ਬਦਲਾਵ ਦੇ ਬਿਨ੍ਹਾਂ ਜੀਵਨ ਬਿਲਕੁਲ ਅਧੂਰਾ ਹੈ। ਜੋ ਬਦਲਾਵ ਨੂੰ ਅਪਨਾਉਂਦਾ ਹੈ ਅਤੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਾ ਹੋਇਆ ਬਦਲ ਜਾਂਦਾ ਹੈ ਉਹ ਅੱਗੇ ਲੰਘ ਜਾਂਦਾ ਨਹੀਂ ਤਾਂ ਬਦਲਾਵ ਦੀ ਲਹਿਰ ਉਸ ਨੂੰ ਪਿੱਛੇ ਛੱਡ ਦਿੰਦੀ ਹੈ। ਇਹ ਕਥਨ ਹੁਣ ਗੁਰਦਾਸਪੁਰ ਅੰਦਰ ਸੱਚ ਹੋਣ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਗੁਰਦਾਸਪੁਰ ਦਾ ਨਵਾਂ ਬੱਸ ਅੱਡਾ। ਜਿੱਥੇ ਨਵੇਂ ਬੱਸ ਅੱਡੇ ਦਾ ਗੁਰਦਾਸਪੁਰ ਦੇ ਲੋਕਾਂ ਨੂੰ ਕਾਫੀ ਚਾਅ ਹੈ ਉੱਥੇ ਹੀ ਪੁਰਾਣੇ ਬੱਸ ਸਟੈਂਡ ਨੇੜੇ ਬਣਿਆ ਦੁਕਾਨਾਂ ਅਤੇ ਬੱਸ ਅੱਡੇ ਦੇ ਬਾਹਰ ਲੱਗਦੀਆਂ ਫੱਲ ਫਰੂਟ ਦੀਆਂ ਰੇਹੜੀਆਂ ਵਾਲੇਆ ਦੇ ਸਾਹ ਸੁੱਕੇ ਪਏ ਹਨ ਅਤੇ ਉਨ੍ਹਾਂ ਨੂੰ ਆਪਣੇ ਰੋਜਗਾਰ ਦੀ ਚਿੰਤਾ ਸਤਾ ਰਹੀ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 2 ਦਿਸੰਬਰ ਨੂੰ ਨਗਰ ਸੁਧਾਰ ਟਰਸੱਟ ਵੱਲੋ ਬਣਾਏ ਗਏ ਨਵੇ ਬੱਸ ਸਟੈਡ ਦਾ ਉਦਘਾਟਨ ਕਰਨ ਜਾ ਰਹੇ ਹਨ। ਬੱਸ ਅੱਡਾ ਬਾਹਰ ਜਾਣ ਨਾਲ ਜਿੱਥੇ ਲੋਕਲ ਰਿਕਸ਼ੇ ਵਾਲੇ ਤੋਂ ਲੈ ਕੇ ਆਟੋਂ ਵਾਲੇ ਨੂੰ ਰੋਜਗਾਰ ਮਿਲੇਗਾ, ਉੱਥੇ ਹੀ ਸ਼ਹਿਰ ਅੰਦਰੋਂ ਟ੍ਰੈਫਿਕ ਦੀ ਮੁਸ਼ਕਿਲ ਤੋਂ ਵੀ ਲੋਕਾਂ ਨੂੰ ਕੁਝ ਕੂ ਰਾਹਤ ਮਿਲੇਗੀ।

ਨਵਾ ਬੱਸ ਸਟੈਡ ਬਾਹਰ ਜਾਣ ਨਾਲ ਬੇਸ਼ਕ ਲੋਕਾਂ ਨੂੰ ਫਾਇਦਾ ਹੋਵੇਗਾ ਪਰ ਗੱਲ ਅਗਰ ਪੁਰਾਣੇ ਬੱਸ ਅੱਡੇ ਦੀ ਕਰੀਏ ਤਾਂ ਉਹ ਚਾਲੂ ਰਹੇਗਾ ਯਾਂ ਬਿਲਕੁਲ ਬੰਦ ਹੋਵੇਗਾ ਇਸ ਸਬੰਧੀ ਹਾਲੇ ਕੋਈ ਜਾਣਕਾਰੀ ਨਹੀ ਹੈ। ਵੈਸੇ ਪੁਰਾਣੇ ਬੱਸ ਸਟੈਡ ਵਾਲੀ ਜਮੀਨ ਜਿਲ੍ਹਾ ਪ੍ਰੀਸ਼ਦ ਦੀ ਹੈ ਅਤੇ ਕਿਆਸ ਅਰਾਇਆ ਲਗਾਇਆਂ ਜਾ ਰਹਿਆਂ ਹਨ ਕਿ ਇਸ ਥਾਂ ਤੇ ਕੋਈ ਵੱਡਾ ਮਾਲ ਯਾ ਕੰਪਲੈਕਸ ਦਾ ਨਿਰਮਾਣ ਆਉਣ ਵਾਲੇ ਸਮੇਂ ਵਿੱਚ ਸੰਭਵ ਹੋਵੇ। ਪਰ ਹਾਲ ਦੀ ਘੜ੍ਹੀ ਇਹ ਵੀ ਚਰਚਾ ਹੈ ਕਿ ਨਵਾਂ ਬੱਸ ਅੱਡਾ ਸ਼ਹਿਰ ਦੇ ਬਾਹਰ ਜਾਣ ਨਾਲ ਪੁਰਾਣਾ ਅੱਡਾ ਆਵਾਜਾਹੀ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਲੋਕਲ ਬੱਸਾ ਵੀ ਨਵੇਂ ਬੱਸ ਅੱਡੇ ਤੋਂ ਚੱਲਣਗੀਆਂ। ਅਗਰ ਇੰਜ ਹੁੰਦਾ ਹੈ ਤਾਂ ਇਸ ਦਾ ਖਾਸਾ ਅਸਰ ਪੁਰਾਣੇ ਬੱਸ ਅੱਡੇ ਨੇੜੇ ਦੇ ਦੁਕਾਨਦਾਰਾਂ ਅਤੇ ਫਲ ਫਰੂਟ ਦੀਆਂ ਰੇਹੜੀਆਂ, ਅਖਬਾਰਾਂ ਦੀਆਂ ਦੁਕਾਨਾਂ ਲਗਾਉਣ ਵਾਲੇ ਲੋਕਾਂ ਤੇ ਪਵੇਗਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲ੍ਹਾ ਹੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਦੂਰਅੰਦੇਸ਼ੀ ਦਿਖਾਂਦੇ ਹੋਏ ਸ਼ਹਿਰ ਦੇ ਅੰਦਰ ਰੇਹੜੀ ਫੜੀ ਲਗਾਉਣ ਵਾਲੇਆਂ ਨੂੰ ਨਵੇ ਬੱਸ ਅੱਡੇ ਦੇ ਹੀ ਨਜਦੀਕ ਪੈਂਦੀ ਮੇਹਰ ਚੰਦ ਰੋਡ ਤੇ ਜਗ੍ਹਾ ਅਲਾਟ ਕੀਤੀ ਗਈ ਸੀ ਅਤੇ ਰੇਹੜੀ ਵਾਲਿਆਂ ਨੂੰ ਅਰਜੀ ਦੇ ਕੇ ਜਗ੍ਹਾ ਬੁੱਕ ਕਰਵਾਉਣ ਲਈ ਕਿਹਾ ਗਿਆ ਸੀ। ਜਿਸ ਦਾ ਮੁੱਖ ਕਾਰਨ ਸੀ ਕਿ ਬੱਸ ਸਟੈਡ ਦੇ ਬਾਹਰ ਜਾਣ ਨਾਲ ਲੋਕਾਂ ਦੀ ਆਵਾਜਾਹੀ ਵੀ ਇਹਨਾਂ ਮਾਰਗਾਂ ਤੇ ਵੱਧ ਹੋਣੀ ਸੀ ਅਤੇ ਸ਼ਹਿਰ ਅੰਦਰੋਂ ਟ੍ਰੈਫਿਕ ਦੀ ਭਾਰੀ ਸਮਸਿਆ ਤੋਂ ਵੀ ਨਿਜਾਤ ਮਿਲ ਜਾਣੀ ਸੀ।

ਪਰ ਇਹ ਤਜਵੀਜ ਤਥਾਕਥਿਤ ਆਗੂਆ ਨੇ ਸਿਰੇ ਨਾ ਚੜ੍ਹਨ ਦਿੱਤੀ ਅਤੇ ਰੇਹੜੀ ਫੜੀ ਵਾਲੇਆਂ ਵੱਲੋਂ ਭਵਿੱਖ ਨੂੰ ਨਜ਼ਰ ਅੰਦਾਜ ਕਰ ਕੇ ਢੰਗ ਟਪਾਉਣ ਦੀ ਨੀਤੀ ਅਪਣਾਈ ਗਈ। ਉਧਰ ਲੋਕਾਂ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਣ ਤੇ ਪ੍ਰਸ਼ਾਸਨ ਨੇ ਵੀ ਇਸ ਪ੍ਰੋਜੈਕਟ ਨੂੰ ਫਿਲਹਾਲ ਠੰਡੇ ਬਸਤੇ ਵਿੱਚ ਪਾਉਣਾ ਹੀ ਮੁਨਾਸਿਬ ਸਮਝਿਆ।

ਪਰ ਹੁਣ ਬੱਸ ਸਟੈਡ ਦੇ ਬਾਹਰ ਜਾਣ ਨਾਲ ਮੇਹਰ ਚੰਦ ਰੋਡ ਤੇ ਬਣਾਈ ਗਈ ਰੇਹੜੀ ਮਾਰਕਿਟ ਨੇ ਫਿਰ ਰੇਹੜੀ ਫੜੀ ਵਾਲਿਆ ਦਾ ਧਿਆਨ ਮੁੱੜ ਤੋਂ ਆਪਣੇ ਵੱਲ ਖਿਚਿੱਆ ਹੈ ਅਤੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਉਸ ਰੇਹੜੀ ਮਾਰਕਿਟ ਅੰਦਰ ਜਗ੍ਹਾ ਅਲਾਟ ਕਰਵਾ ਲਈ ਜਾਵੇਂ। ਜਿਸ ਦਾ ਵੱਡਾ ਕਾਰਨ ਹੈ ਕਿ ਹੁਣ ਉਸ ਖੇਤਰ ਅੰਦਰ ਲੋਕਾਂ ਦੀ ਆਵਾਜਾਹੀ ਵਧੇਗੀ। ਇਸ ਦੇ ਨਾਲ ਹੀ ਨਵੇਂ ਬੱਸ ਸਟੈਡ ਅੰਦਰ ਚੌਂਕੀ ਬਨਣ ਨਾਲ ਇਸ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਵੀ ਵਧੇਗੀ। ਪਰ ਪ੍ਰਸ਼ਾਸਨ ਵੱਲੋ ਹੁਣ ਇਸ ਤੇ ਧਿਆਨ ਦਿੱਤਾ ਜਾਂਦਾ ਹੈ ਯਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ।

ਹਾਲਾਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕਰਨ ਤੇ ਕਿਹਾ ਗਿਆ ਸੀ ਕਿ ਅਗਰ ਰੇਹੜੀ ਫੜੀ ਵਾਲੇ ਉਕਤ ਰੇਹੜੀ ਮਾਰਕੀਟ ਤੇ ਜਗ੍ਹਾ ਲੈਂਦੇ ਹਨ ਤਾਂ ਪ੍ਰਸ਼ਾਸਨ ਵੱਲੋਂ ਉਕਤ ਮਾਰਕਿਟ ਨੂੰ ਬੇਹਤਰ ਢੰਗ ਨਾਲ ਉਸਾਰ ਕੇ ਉਸ ਤੇ ਸ਼ੈਡਾ ਪਾ ਕੇ ਲੋਕਾਂ ਨੂੰ ਸਾਫ਼ ਪੀਣ ਦਾ ਸਾਫ ਪਾਣੀ, ਟਾਇਲੈਟ, ਲਾਇਟਾਂ ਆਦਿ ਦਾ ਪ੍ਰਬੰਧ ਕਰਵਾ ਕੇ ਦਿੱਤਾ ਜਾਵੇਗਾ। ਪਰ ਹੁਣ ਆਉਣ ਵਾਲੇ ਸਮੇਂ ਅੰਦਰ ਉਂਠ ਕਿੱਸ ਕਰਵਟ ਬੈਠਦਾ ਹੈ ਇਹ ਸਮਾਂ ਹੀ ਦਸੇਗਾ।

Written By
The Punjab Wire