ਪੰਜਾਬ

ਪਿੰਗਲਵਾੜਾ ਸ਼ਾਖਾ ਪਲਸੌਰਾ ਦਾ ਸਥਾਪਨਾ ਦਿਵਸ ਮਨਾਇਆ

ਪਿੰਗਲਵਾੜਾ ਸ਼ਾਖਾ ਪਲਸੌਰਾ ਦਾ ਸਥਾਪਨਾ ਦਿਵਸ ਮਨਾਇਆ
  • PublishedNovember 27, 2023

ਖੂਨਦਾਨ ਕੈਂਪ ਮੌਕੇ ਖੂਨ ਦਾਨੀਆਂ ਨੇ 29 ਯੂਨਿਟ ਦਾਨ ਕੀਤੇ

ਚੰਡੀਗੜ੍ਹ 27 ਨਵੰਬਰ 2023 (ਦੀ ਪੰਜਾਬ ਵਾਇਰ)। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਪਦਮ ਭੂਸ਼ਣ ਜੇਤੂ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਗਲਵਾੜਾ ਦੀ ਪਿੰਡ ਪਲਸੌਰਾ ਸ਼ਾਖਾ, ਸੈਕਟਰ 56 ਚੰਡੀਗੜ੍ਹ ਦਾ ਦੋ ਰੋਜਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਜਤਿੰਦਰ ਸਿੰਘ ਔਲਖ, ਸੇਵਾ ਮੁਕਤ ਏਡੀਜੀਪੀ ਪੰਜਾਬ ਨੇ ਕੀਤਾ ਜਿਸ ਵਿੱਚ ਕੁੱਲ 29 ਯੂਨਿਟ ਇਕੱਠੇ ਹੋਏ। ਮੈਡੀਕਲ ਕੈਂਪ ਦਾ ਉਦਘਾਟਨ ਡਾ. ਇੰਦਰਜੀਤ ਕੌਰ ਨੇ ਕੀਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਾਹਰੋਂ ਆਈ ਸੰਗਤ ਨੇ ਵੀ ਮੁਫ਼ਤ ਡਾਕਟਰੀ ਸੇਵਾਵਾਂ ਦਾ ਲਾਹਾ ਲਿਆ।

 ਦੂਸਰੇ ਦਿਨ ਗੁਰਮਤਿ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਰਸਭਿੰਨਾ ਰੁਹਾਨੀ ਕੀਰਤਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜੱਥੇ ਸਮੇਤ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਿਮਰਨਸਰ ਸਾਹਿਬ ਪਿੰਡ ਪਲਸੌਰਾ ਵੱਲੋਂ ਵੀ ਸ਼ਬਦ ਗਾਇਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਆਪਣੇ ਯਤਨਾਂ ਰਾਹੀਂ ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਆਸਰਾ ਦੇਣ, ਗਰੀਬਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਮੇਤ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਪਾਹਜਾਂ ਦੀ ਸਹਾਇਤਾ ਕਰ ਰਹੀ ਹੈ।

ਇਸ ਮੌਕੇ ਡਾ. ਇੰਦਰਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਡਾ. ਪਿਆਰੇ ਲਾਲ ਗਰਗ, ਉਘੇ ਪੱਤਰਕਾਰ ਐਸਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਜਤਿੰਦਰ ਸਿੰਘ ਔਲਖ ਸੇਵਾ ਮੁਕਤ ਏਡੀਜੀਪੀ ਪੰਜਾਬ, ਗੁਰਵਿੰਦਰ ਸਿੰਘ ਔਲਖ, ਕਰਨਲ ਦਰਸ਼ਨ ਸਿੰਘ ਬਾਵਾ ਐਡਮਿਨਿਸਟਰੇਟਰ, ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਤਿਲਕ ਰਾਜ ਜਨਰਲ ਮੈਨੇਜਰ, ਮੁਖਤਿਆਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਮਾਸਟਰ ਰਾਜਬੀਰ ਸਿੰਘ ਮੈਂਬਰ, ਪਰਮਿੰਦਰ ਸਿੰਘ ਭੱਟੀ ਅਸਿਸਟੈਂਟ ਐਡਮਿਨਿਸਟਰੇਟਰ, ਸੁਰਿੰਦਰ ਕੌਰ ਭੱਟੀ, ਯੋਗੇਸ਼ ਸੂਰੀ, ਰਵਿੰਦਰ ਕੌਰ ਬਰਾਂਚ ਇੰਚਾਰਜ ਪਲਸੌਰਾ, ਨਿਰਮਲ ਸਿੰਘ, ਪ੍ਰਕਾਸ਼ ਚੰਦ ਜੈਨ, ਗੁਲਸ਼ਨ ਰੰਜਨ ਤੇ ਹਰਪਾਲ ਸਿੰਘ ਦੋਵੇਂ ਮੈਡੀਕਲ ਸੋਸ਼ਲ ਵਰਕਰ, ਡਾ. ਸੰਜੀਵ ਕੰਬੋਜ ਉੱਧਮ ਐਨਜੀਓ, ਹਰੀਸ਼ ਚੰਦਰ ਗੁਲਾਟੀ ਤੇ ਹੋਰ ਸ਼ਖਸ਼ੀਅਤਾਂ ਵੀ ਸ਼ਾਮਿਲ ਸਨ। ਇਸ ਮੌਕੇ ਪਿੰਗਲਵਾੜਾ ਦੇ ਮਰੀਜ਼ਾਂ ਵੱਲੋਂ ਫੋਕਟ ਸਮੱਗਰੀ ਤੋਂ ਤਿਆਰ ਸਮਾਨ ਦੀ ਨੁਮਾਇਸ਼ ਵੀ ਲਗਾਈ ਗਈ।

Written By
The Punjab Wire