ਭਾਰਤ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਕੀਤਾ ਜਾਵੇਗਾ ਜਾਗਰੂਕ
ਗੁਰਦਾਸਪੁਰ, 23 ਨਵੰਬਰ 2023 ( ਦੀ ਪੰਜਾਬ ਵਾਇਰ)। ਭਾਰਤ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਕੇਂਦਰ ਸਰਕਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 27 ਨਵੰਬਰ ਤੋਂ “ਵਿਕਸਤ ਭਾਰਤ ਸੰਕਲਪ ਯਾਤਰਾ” ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਯਾਤਰਾ ਜ਼ਿਲ੍ਹੇ ਵਿੱਚ 15 ਜਨਵਰੀ 2024 ਤੱਕ ਚੱਲੇਗੀ।
ਇਸ ਯਾਤਰਾ ਦੀਆਂ ਤਿਆਰੀਆਂ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਦੂਸਰੇ ਸਹਾਇਕ ਵਿਭਾਗਾਂ ਨਾਲ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ 27 ਨਵੰਬਰ ਤੋਂ ਸ਼ੁਰੂ ਹੋ ਰਹੀ ਵਿਕਸਤ ਭਾਰਤ ਯਾਤਰਾ ਤਹਿਤ 10 ਪ੍ਰਚਾਰ ਵੈਨਾਂ ਜ਼ਿਲ੍ਹੇ ਵਿੱਚ ਚੱਲਣਗੀਆਂ ਅਤੇ ਹਰ ਵੈਨ ਇੱਕ ਦਿਨ ਵਿੱਚ ਦੋ ਪਿੰਡ ਕਵਰ ਕਰੇਗੀ। ਉਨ੍ਹਾਂ ਕਿਹਾ ਕਿ 15 ਜਨਵਰੀ 2024 ਤੱਕ ਬਿਨ੍ਹਾਂ ਨਾਗਾ ਪਾਏ ਇਹ ਵੈਨਾਂ ਰੋਜ਼ ਪਿੰਡਾਂ ਵਿੱਚ ਜਾਣਗੀਆਂ।
ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਗਰੂਕਤਾ ਵੈਨਾਂ ਨੂੰ ਭੇਜ ਕੇ ਕੈਂਪ ਲਗਾਏ ਜਾਣਗੇ ਜਿਸ ਦੀ ਜਾਣਕਾਰੀ ਸਬੰਧਤ ਪਿੰਡਾਂ ਨੂੰ ਦਿੱਤੀ ਜਾਵੇਗੀ ਅਤੇ ਮੌਕੇ ਉਤੇ ਹੀ ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਲਾਭ ਦਿਤੇ ਜਾਣਗੇ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਨਾਟਕ ਅਤੇ ਕੁਇਜ ਮੁਕਾਬਲੇ ਵੀ ਕਰਵਾਏ ਜਾਣਗੇ।
ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ ਨੇ ਸਮੂਹ ਬੀ.ਡੀ.ਪੀ.ਓਜ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਉਕਤ ਜਾਗਰੂਕਤਾ ਵੈਨ ਦੇ ਪਹੁੰਚਣ ਸਮੇਂ ਚਲਾਏ ਜਾਣ ਵਾਲੇ ਸਮਾਗਮ ਦੀ ਤਿਆਰੀ ਪਹਿਲਾ ਤੋਂ ਹੀ ਕੀਤੀ ਜਾਵੇ, ਇਸ ਸਬੰਧੀ ਢੁੱਕਵੀ ਥਾਂ ਦੀ ਸ਼ਨਾਖਤ ਕਰਕੇ ਸਟੇਜ ਅਤੇ ਹੋਰ ਪ੍ਰਬੰਧ ਮੁਕੰਮਲ ਕਰ ਲਏ ਜਾਣ ਅਤੇ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਤੋਂ ਹੀ ਇਸ ਸਬੰਧੀ ਮੁਨਾਦੀ ਕਰਾ ਕੇ ਦੱਸਿਆ ਜਾਵੇ ਤਾਂ ਜੋ ਪਿੰਡਾਂ ਦੇ ਵੱਧ ਤੋਂ ਵੱਧ ਲੋਕ ਇਸ ਸਮਾਗਮ ਵਿੱਚ ਹਿੱਸਾ ਲੈ ਸਰਕਾਰ ਦੀਆਂ ਭਲਾਈ ਸਕੀਮਾਂ ਸਬੰਧੀ ਜਾਗੂਰਕ ਹੋਣ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਜਿੰਦਰਪਾਲ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਲਕਸ਼ੈ ਕੁਮਾਰ, ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਸੋਨੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਸੰਦੀਪ ਕੌਰ, ਪੰਚਾਇਤ ਵਿਭਾਗ ਤੋਂ ਅਮਰਪਾਲ ਸਿੰਘ, ਸਮੂਹ ਬੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।