ਪੰਜਾਬ

ਸੁਰਿੰਦਰ ਕੁਮਾਰ ਅਗਰਵਾਲ ਨੇ ‘ਸਾਂਝੀ ਰਸੋਈ’ ਪ੍ਰੋਜੈਕਟ ’ਚ ਪਾਇਆ 11 ਹਜ਼ਾਰ ਰੁਪਏ ਦਾ ਯੋਗਦਾਨ

ਸੁਰਿੰਦਰ ਕੁਮਾਰ ਅਗਰਵਾਲ ਨੇ ‘ਸਾਂਝੀ ਰਸੋਈ’ ਪ੍ਰੋਜੈਕਟ ’ਚ ਪਾਇਆ 11 ਹਜ਼ਾਰ ਰੁਪਏ ਦਾ ਯੋਗਦਾਨ
  • PublishedNovember 21, 2023

ਅਖਿਲ ਭਾਰਤੀ ਅਗਰਵਾਲ ਸਮਿਤੀ ਦੇ ਮੈਂਬਰਾਂ ਸਮੇਤ ਸਾਂਝੀ ਰਸੋਈ ਵਿਖੇ ਮਨਾਇਆ ਜਨਮ ਦਿਨ

ਹੁਸ਼ਿਆਰਪੁਰ, 21 ਨਵੰਬਰ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 400 ਤੋਂ 500 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਅਖਿਲ ਭਾਰਤੀ ਅਗਰਵਾਲ ਸਮਿਤੀ ਦੇ ਪੰਜਾਬ ਪ੍ਰਧਾਨ ਸੁਰਿੰਦਰ ਕੁਮਾਰ ਅਗਰਵਾਲ ਵੱਲੋਂ ਸਮਿਤੀ ਦੇ ਮੈਂਬਰਾਂ ਸਮੇਤ ਸਾਂਝੀ ਰਸੋਈ ਵਿਖੇ ਆਪਣਾ ਜਨਮ ਦਿਨ ਮਨਾਇਆ ਗਿਆ ਅਤੇ ਇਸ ਪ੍ਰਾਜੈਕਟ ਦੀ ਸਫਲਤਾ ਲਈ ਸਾਂਝੀ ਰਸੋਈ ਨੂੰ 11 ਹਜ਼ਾਰ ਰੁਪਏ ਦੀ ਰਕਮ ਦਾਨ ਵਜੋਂ ਮੁਹੱਈਆ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੀ ਪਤਨੀ ਸ਼ਕੁੰਤਲਾ ਅਗਰਵਾਲ ਅਤੇ ਸਮਿਤੀ ਦੇ ਮੈਂਬਰਾਂ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ।

  ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵਲੋਂ ਜਿਥੇ “ਬੁੱਕ-ਏ-ਡੇਅ” ਸਕੀਮ ਅਧੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਵਰੇ੍ਹਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ, ਹੁਸ਼ਿਆਰਪੁਰ ਵਿਖੇ ਮਨਾ ਕੇ  ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁੱਹਈਆ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਪ੍ਰੋਜੈਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਦੇਣ।

Written By
The Punjab Wire