ਪੰਜਾਬ ਮੁੱਖ ਖ਼ਬਰ

ਕਰਤਾਰਪੁਰ ਸਾਹਿਬ ਕੰਪਲੈਕਸ ‘ਚ ਨਾਨ-ਵੈਜ ਪਾਰਟੀ ਦਾ ਨਹੀਂ ਹੋਇਆ ਆਯੋਜਨ-ਕੁਲਤਾਰ ਸੰਧਵਾਂ

ਕਰਤਾਰਪੁਰ ਸਾਹਿਬ ਕੰਪਲੈਕਸ ‘ਚ ਨਾਨ-ਵੈਜ ਪਾਰਟੀ ਦਾ ਨਹੀਂ ਹੋਇਆ ਆਯੋਜਨ-ਕੁਲਤਾਰ ਸੰਧਵਾਂ
  • PublishedNovember 20, 2023

ਗੁਰਦੁਆਰੇ ਦੇ ਹੈੱਡ ਗ੍ਰੰਥੀ ਅਨੁਸਾਰ ਇਹ ਪਾਰਟੀ ਗੁਰਦੁਆਰਾ ਸਾਹਿਬ ਤੋਂ ਦੋ ਕਿਲੋਮੀਟਰ ਦੂਰ ਹੋਈ-ਸੰਧਵਾ

ਗੁਰਦਾਸਪੁਰ, 20 ਨਵੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਨੂੰ 13 ਵਿਧਾਇਕਾਂ ਨਾਲ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਸੋਮਵਾਰ ਸਵੇਰੇ ਸੰਧਵਾਂ ਸਾਰੇ ਵਿਧਾਇਕਾਂ ਨਾਲ ਡੇਰਾ ਬੇਬਾ ਨਾਨਕ ਸਥਿਤ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋਏ। ਉਥੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਹਾਲ ਹੀ ਵਿੱਚ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਨਾਨ-ਵੈਜ ਅਤੇ ਡਾਂਸ ਪਾਰਟੀਆਂ ਹੋਣ ਕਾਰਨ ਪੈਦਾ ਹੋਏ ਵਿਵਾਦ ‘ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੰਧਵਾਂ ਅਨੁਸਾਰ ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਮੈਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਗੁਰੂਦੁਆਰੇ ਤੋਂ ਕਰੀਬ 2 ਕਿਲੋਮੀਟਰ ਦੂਰ ਮਾਸਾਹਾਰੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

ਸੰਧਵਾਂ ਅਨੁਸਾਰ ਭਾਈ ਗੋਬਿੰਦ ਸਿੰਘ ਨੇ ਦੋਸ਼ ਲਾਇਆ ਕਿ ਕੁਝ ਲੋਕ ਕਰਤਾਰਪੁਰ ਸਾਹਿਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਮਕਸਦ ਲਈ ਇਹ ਸਾਰਾ ਵਿਵਾਦ ਖੜ੍ਹਾ ਕੀਤਾ ਗਿਆ ਹੈ। ਭਾਈ ਗੋਬਿੰਦ ਸਿੰਘ ਨੇ ਪੰਜਾਬ ਤੋਂ ਆਏ ਆਗੂਆਂ ਨੂੰ ਦੱਸਿਆ ਕਿ ਸੋਮਵਾਰ ਨੂੰ ਵੀ 550 ਦੇ ਕਰੀਬ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਪਾਕਿਸਤਾਨ ਪਹੁੰਚੇ ਸਨ। ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਤੋਂ ਬਾਅਦ ਦੋਵਾਂ ਪਾਸਿਆਂ ਦੇ ਪੰਜਾਬੀਆਂ ਵਿੱਚ ਪਿਆਰ ਵਧਦਾ ਜਾ ਰਿਹਾ ਹੈ।

ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਪਰਤੇ ਸੰਧਵਾਂ ਨੇ ਦੱਸਿਆ ਕਿ ਪਾਕਿਸਤਾਨ ਪਹੁੰਚਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਉੱਥੋਂ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨਾਲ ਇਸ ਘਟਨਾ ਬਾਰੇ ਗੱਲ ਕੀਤੀ। ਫਿਰ ਭਾਈ ਗੋਬਿੰਦ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਪੂਰੇ ਪ੍ਰੋਗਰਾਮ ਨਾਲ ਗੁਰੂਘਰ ਦੀ ਮਰਿਆਦਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਭਾਈ ਗੋਬਿੰਦ ਸਿੰਘ ਨੇ ਗੁਰੂਘਰ ਦੇ ਅੰਦਰ ਬੈਠ ਕੇ ਸਾਰੀ ਗੱਲ ਦੱਸੀ।

Written By
The Punjab Wire