ਪੰਜਾਬ ਮੁੱਖ ਖ਼ਬਰ

ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ `ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ : ਚੇਅਰਮੈਨ ਰਮਨ ਬਹਿਲ

ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ `ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ : ਚੇਅਰਮੈਨ ਰਮਨ ਬਹਿਲ
  • PublishedNovember 2, 2023

ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਜਾਰੀ

ਗੁਰਦਾਸਪੁਰ, 2 ਨਵੰਬਰ 2023 (ਦੀ ਪੰਜਾਬ ਵਾਇਰ)। ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਦਾ ਪ੍ਰਚਲਨ 12.9 ਫੀਸਦੀ ਰਹਿ ਗਿਆ ਹੈ, ਇਸ ਸਬੰਧੀ ਭਾਰਤ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ ਹੇਠ 2023 ਨੂੰ ਹੋਈ ਸਮੀਖਿਆ ਮੀਟਿੰਗ ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਰਾਜ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਵਜੋਂ ਸਨਮਾਨਿਤ ਕੀਤਾ ਗਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਸੂਬੇ ਨੂੰ ਤੰਬਾਕੂ ਮੁਕਤ ਕਰਨ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਈ ਸਿਗਰਟ ਨੂੰ ਗੈਰ-ਮਨਜ਼ੂਰਸ਼ੁਦਾ ਡਰੱਗ ਘੋਸ਼ਿਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਇਸ ਤੋਂ ਇਲਾਵਾ ਹੁੱਕਾਬਾਰਾਂ ਉਪਰ ਸਥਾਈ ਤੌਰ ’ਤੇ ਪਾਬੰਦੀ ਲਗਾਉਣ ਵਾਲਾ ਪੰਜਾਬ ਦੇਸ਼ ਦਾ ਦੂਜਾ ਰਾਜ ਹੈ। ਸ੍ਰੀ ਬਹਿਲ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਲਗਭਗ 800 ਤੋਂ ਵੱਧ ਪਿੰਡਾਂ ਨੇ ਖੁਦ ਨੂੰ ਤੰਬਾਕੂ ਮੁਕਤ ਐਲਾਨਿਆ ਹੋਇਆ ਹੈ। ਇਸੇ ਤਰ੍ਹਾਂ ਸੂਬੇ ਦੀਆਂ 98 ਫੀਸਦੀ ਵਿਦਿਅਕ ਸੰਸਥਾਵਾਂ ਨੂੰ ਵੀ ਤੰਬਾਕੂ ਮੁਕਤ ਕੀਤਾ ਜਾ ਚੁੱਕਾ ਹੈ, ਜਿਥੇ ਨਾ ਤਾਂ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਆਲੇ ਦੁਆਲੇ ਦੇ 100 ਗਜ ਏਰੀਏ ਵਿੱਚ ਤੰਬਾਕੂ ਦੀ ਵਿਕਰੀ ਕੀਤੀ ਜਾਂਦੀ ਹੈ। ਜਦਕਿ ਸਿਹਤ ਸੰਸਥਾਵਾਂ ਵਿੱਚ ਪਹਿਲਾਂ ਤੋਂ ਹੀ ਤੰਬਾਕੂ ਦੀ ਵਰਤੋਂ ਦੀ ਪਾਬੰਦੀ ਲਗਾਈ ਹੋਈ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ, ਫੇਫੜਿਆਂ ਅਤੇ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਤਰ੍ਹਾਂ ਹਾਰਟ ਅਟੈਕ ਅਤੇ ਸਟਰੋਕ ਵਰਗੀਆਂ ਬਿਮਾਰੀਆਂ ਵੀ ਹੁੰਦੀਆਂ ਹਨ। ਸਿਗਰਟ ਦੇ ਧੂੰਏਂ ਵਿੱਚ ਲਗਭਗ 1000 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਪੈੱਸਿਵ ਸਮੋਕਿੰਗ ਦੇ ਖਤਰੇ ਤੋਂ ਸਾਵਧਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਉਂਦੇ ਰਹਿਣ ਲਈ ਹਵਾ ਬਹੁਤ ਜਰੂਰੀ ਹੈ ਅਤੇ ਸਿਗਰਟਨੋਸ਼ੀ ਕਰਨ ਵਾਲਾ ਵਿਅਕਤੀ ਸਿਗਰਟ ਦੇ ਧੂੰਏਂ ਰਾਹੀਂ ਇਸ ਹਵਾ ਵਿੱਚ ਹੀ ਜ਼ਹਿਰ ਘੋਲ ਰਿਹਾ ਹੈ। ਜਿਸ ਕਾਰਨ ਉਸਦੇ ਆਲੇ ਦੁਆਲੇ ਅਤੇ ਘਰ ਦੇ ਵਿੱਚ ਮੌਜੂਦ ਬਜ਼ੁਰਗ ਮਾਤਾ ਪਿਤਾ, ਘਰਵਾਲੀ ਅਤੇ ਮਾਸੂਮ ਬੱਚਿਆਂ ਨੂੰ ਪੈਸਿਗ ਸਮੋਕਿੰਗ ਜ਼ਰੀਏ ਆਪਣੇ ਸਾਰੇ ਪਰਿਵਾਰ ਨੂੰ ਜ਼ਹਿਰ ਵੰਡਦੇ ਹਨ।     

Written By
The Punjab Wire