ਆਰ.ਆਰ. ਬਾਵਾ ਕਾਲਜ ਬਟਾਲਾ ਦੀਆਂ ਵਿਦਿਆਰਥਣਾਂ ਨੇ ਪਿੰਡ ਮਿਰਜ਼ਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਿਲ੍ਹੇ ਦੇ ਦਰਸ਼ਨ ਕੀਤੇ
ਵਿਦਿਆਰਥਣਾਂ ਨੂੰ ਇਸ ਟੂਰ ਜਰੀਏ ਬਹੁਤ ਕੁਝ ਨਵਾਂ ਸਿੱਖਣ ਤੇ ਜਾਨਣ ਨੂੰ ਮਿਲਿਆ – ਪ੍ਰਿੰਸੀਪਲ ਡਾ. ਏਕਤਾ ਖੋਸਲਾ
ਵਿਰਾਸਤੀ ਮੰਚ, ਬਟਾਲਾ ਵੱਲੋਂ ਇਸ ਵਿਦਿਅਕ ਟੂਰ ਵਿੱਚ ਆਰ.ਆਰ. ਬਾਵਾ ਕਾਲਜ ਨੂੰ ਦਿੱਤਾ ਗਿਆ ਸਹਿਯੋਗ
ਬਟਾਲਾ, 2 ਨਵੰਬਰ 2023 ( ਦੀ ਪੰਜਾਬ ਵਾਇਰ )। ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਕ ਕਿਲ੍ਹੇ ਮਿਰਜ਼ਾਜਾਨ ਦਾ ਦੌਰਾ ਕੀਤਾ ਗਿਆ। ਕਾਲਜ ਵੱਲੋਂ ਵਿਦਿਆਰਥਣਾਂ ਨੂੰ ਇਹ ਵਿਦਿਅਕ ਟੂਰ ਵਿਰਾਸਤੀ ਮੰਚ, ਬਟਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਡੀਨ ਸਟੂਡੈਂਟ ਵੈਲਫੇਅਰ ਡਾ. ਲੱਕੀ ਸ਼ਰਮਾਂ ਦੇ ਨਿਰਦੇਸ਼ਾਂ ਤਹਿਤ ਪ੍ਰੋ. ਨਵਜੋਤ ਕੌਰ, ਡਾ. ਸੋਹਨ ਲਾਲ ਅਤੇ ਪ੍ਰੋ. ਮਨਜੀਤ ਕੌਰ ਦੀ ਅਗਵਾਈ ਵਿੱਚ 75 ਦੇ ਕਰੀਬ ਵਿਦਿਆਰਣਾਂ ਨੇ ਇਸ ਵਿਦਿਅਕ ਟੂਰ ਵਿੱਚ ਹਿੱਸਾ ਲਿਆ।
ਵਿਦਿਆਰਥਣਾਂ ਵੱਲੋਂ ਸਭ ਤੋਂ ਪਹਿਲਾਂ ਪਿੰਡ ਮਿਰਜ਼ਾਜਾਨ ਵਿਖੇ ਵਿਰਾਸਤੀ ਮੰਚ, ਬਟਾਲਾ ਵੱਲੋਂ ਬਣਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਦਾ ਦੌਰਾ ਕੀਤਾ ਗਿਆ ਅਤੇ ਓਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਤ ਚਿੱਤਰਾਂ ਰਾਹੀਂ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਿਲ੍ਹੇ ਦੇ ਦਰਸ਼ਨ ਕੀਤੇ। ਵਿਦਿਅਕ ਟੂਰ ਦੌਰਾਨ ਪਿੰਡ ਮਿਰਜ਼ਾਜਾਨ ਦੇ ਵਸਨੀਕਾਂ ਵੱਲੋਂ ਵਿਦਿਆਰਥਣਾਂ ਦੀ ਪੂਰੀ ਆਓ-ਭਗਤ ਕੀਤੀ ਗਈ।
ਇਸ ਮੌਕੇ ਵਿਰਾਸਤੀ ਮੰਚ, ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋਂ ਵੱਲੋਂ ਵਿਦਿਆਰਥਣਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਅਤੇ ਪਿੰਡ ਮਿਰਜ਼ਾਜਾਨ ਦੇ ਇਤਿਹਾਸਕ ਕਿਲ੍ਹੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥਣਾਂ ਨੇ ਬੜੀ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਮਿਊਜ਼ੀਅਮ ਅਤੇ ਕਿਲ੍ਹੇ ਦੇ ਦਰਸ਼ਨ ਕੀਤੇ।
ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਇਸ ਵਿਦਿਅਕ ਟੂਰ ’ਚ ਸਹਿਯੋਗ ਦੇਣ ਲਈ ਵਿਰਾਸਤੀ ਮੰਚ, ਬਟਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਨੂੰ ਇਸ ਟੂਰ ਜਰੀਏ ਬਹੁਤ ਕੁਝ ਨਵਾਂ ਸਿੱਖਣ ਤੇ ਜਾਨਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਇਸ ਟੂਰ ਸਬੰਧੀ ਬਹੁਤ ਵਧੀਆ ਫੀਡਬੈਕ ਦਿੱਤੀ ਗਈ ਹੈ ਅਤੇ ਉਹ ਆਪਣੇ ਇਤਿਹਾਸ ਤੇ ਵਿਰਸੇ ਤੋਂ ਜਾਣੂ ਹੋ ਸਕੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਵਿਦਿਆਰਥਣਾਂ ਦੇ ਅਜਿਹੇ ਟੂਰ ਆਯੋਜਿਤ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਅਤੇ ਵਿਰਾਸਤੀ ਮੰਚ, ਬਟਾਲਾ ਦਰਮਿਆਨ ਇੱਕ ਐੱਮ.ਓ.ਯੂ ਸਾਈਨ ਹੋਇਆ ਹੈ ਜਿਸ ਤਹਿਤ ਦੋਵੇਂ ਸੰਸਥਾਵਾਂ ਵੱਲੋਂ ਪੰਜਾਬ ਦੇ ਇਤਿਹਾਸ, ਵਿਰਾਸਤ, ਸੱਭਿਆਚਾਰ ਨੂੰ ਪ੍ਰਫੂਲਤ ਕਰਨ ਲਈ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।