ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜਿਲ੍ਹਾ ਗੁਰਦਾਸਪੁਰ ਅੰਦਰ ਰੇਲਵੇ ਇੰਜੀਨੀਅਰ 15,000 ਦੀ ਰਿਸ਼ਵਤ ਲੈਂਦਿਆਂ ਵਿਜਿਲੈਂਸ ਵੱਲੋ ਕਾਬੂ

ਜਿਲ੍ਹਾ ਗੁਰਦਾਸਪੁਰ ਅੰਦਰ ਰੇਲਵੇ ਇੰਜੀਨੀਅਰ 15,000 ਦੀ ਰਿਸ਼ਵਤ ਲੈਂਦਿਆਂ ਵਿਜਿਲੈਂਸ ਵੱਲੋ ਕਾਬੂ
  • PublishedOctober 20, 2023

ਚੰਡੀਗੜ੍ਹ, 20 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਭਾਰਤੀ ਰੇਲਵੇ ਦੇ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਵਜੋਂ ਤਾਇਨਾਤ ਵਰੁਣ ਦੇਵ ਪ੍ਰਸਾਦ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਰੇਲਵੇ ਅਧਿਕਾਰੀ ਨੂੰ ਮੈਸਰਜ਼ ਸੋਖੀ ਕੰਟਰੈਕਟਰਜ਼ ਐਂਡ ਇੰਜਨੀਅਰਜ਼, ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੇ ਮਾਲਕ ਨਿਰਮਲ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸ ਦਾ ਬਟਾਲਾ-ਕਾਦੀਆਂ ਰੇਲਵੇ ਲਾਈਨ ‘ਤੇ ਸਿਵਲ ਵਰਕਸ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨਾਲ ਟੈਂਡਰ ਹੈ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਉਕਤ ਰੇਲਵੇ ਇੰਜੀਨੀਅਰ ਉਸ ਦੀ ਫਰਮ ਵੱਲੋਂ ਕੀਤੇ ਕੰਮਾਂ ਦੇ 4,60,000 ਰੁਪਏ ਦੇ ਬਿੱਲਾਂ ਨੂੰ ਕਲੀਅਰ ਕਰਨ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 15,000 ਰੁਪਏ ‘ਚ ਹੋ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਮੁੱਢਲੀ ਤਫ਼ਤੀਸ਼ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੇ ਨਤੀਜੇ ਵਜੋਂ ਉਪਰੋਕਤ ਰੇਲਵੇ ਸੈਕਸ਼ਨ ਇੰਜੀਨੀਅਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿਚ ਉਕਤ ਰੇਲਵੇ ਅਧਿਕਾਰੀ ਦੇ ਖਿਲਾਫ ਥਾਣਾ ਵਿਜੀਲੈਂਸ ਬਿਉਰੋ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫੜੇ ਗਏ ਦੋਸ਼ੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

Written By
The Punjab Wire