ਵਿਰਾਸਤੀ ਮੰਚ ਬਟਾਲਾ ਅਤੇ ਆਰ.ਆਰ. ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਨੇ ਐਮ.ਓ.ਯੂ. ਸਾਈਨ ਕੀਤਾ
ਵਿਰਸੇ, ਇਤਿਹਾਸ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਦੋਵਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੀਤੇ ਜਾਣਗੇ ਉਪਰਾਲੇ
ਬਟਾਲਾ, 14 ਅਕਤੂਬਰ 2023(ਦੀ ਪੰਜਾਬ ਵਾਇਰ )। ਆਰ.ਆਰ. ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਅਤੇ ਵਿਰਾਸਤ ਦੇ ਖੇਤਰ ਵਿੱਚ ਬਟਾਲਾ ਸ਼ਹਿਰ ਦੀ ਨਾਮੀ ਸੰਸਥਾ `ਵਿਰਾਸਤੀ ਮੰਚ ਬਟਾਲਾ` ਵੱਲੋਂ ਇੱਕ ਐਮ.ਓ.ਯੂ. ਸਾਈਨ ਕੀਤਾ ਗਿਆ ਹੈ। ਐਮ.ਓ.ਯੂ. ਸਾਈਨ ਕਰਨ ਤੋਂ ਬਾਅਦ ਹੁਣ ਦੋਵੇਂ ਧਿਰਾਂ ਵਿਰਸੇ, ਇਤਿਹਾਸ, ਸਾਹਿਤ ਤੇ ਸੱਭਿਆਚਾਰ ਦੀ ਸੰਭਾਲ ਅਤੇ ਇਸਦੇ ਪਸਾਰ ਲਈ ਮਿਲ ਕੇ ਕੰਮ ਕਰਨਗੀਆਂ।
ਆਰ.ਆਰ. ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਕਾਲਜ ਵੱਲੋਂ ਆਪਣੀਆਂ ਵਿਦਿਆਰਥਣਾਂ ਨੂੰ ਵਿਰਾਸਤ, ਇਤਿਹਾਸ, ਸਾਹਿਤ ਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਹਮੇਸ਼ਾਂ ਯਤਨ ਕੀਤੇ ਜਾਂਦੇ ਹਨ ਅਤੇ ਹੁਣ ਵਿਰਾਸਤੀ ਮੰਚ ਬਟਾਲਾ ਨੇ ਮਿਲ ਕੇ ਵਿਦਿਆਰਥਣਾਂ ਨੂੰ ਇਸ ਖੇਤਰ ਦੀ ਹੋਰ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਲਈ ਆਪਣੀਆਂ ਜੜ੍ਹਾਂ ਨਾਲ ਜੁੜਨਾਂ, ਆਪਣੇ ਇਤਿਹਾਸ, ਸੱਭਿਆਰਚਾਰ ਤੇ ਵਿਰਾਸਤ ਨੂੰ ਜਾਨਣਾ ਅਤੇ ਮਾਨਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਇਸ ਖੇਤਰ ਵਿੱਚ ਮਿਸਾਲੀ ਕੰਮ ਕਰ ਰਿਹਾ ਹੈ ਅਤੇ ਕਾਲਜ ਵੱਲੋਂ ਇਸ ਸੰਸਥਾ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਾਲਜ ਦੀਆਂ ਵਿਦਿਆਰਥਣਾਂ ਦੇ ਗਿਆਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਸ ਜਤਾਈ ਕਿ ਦੋਵਾਂ ਧਿਰਾਂ ਵੱਲੋਂ ਜਲਦ ਹੀ ਸਾਝੇਂ ਤੌਰ ਤੇ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਜਾਵੇਗਾ ਅਤੇ ਵਿਦਿਆਰਥਣਾਂ ਇਸ ਦਾ ਪੂਰਾ ਲਾਭ ਲੈਣਗੀਆਂ।
ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਨੇ ਇਹ ਐਮ.ਓ.ਯੂ. ਸਾਈਨ ਕਰਨ ਲਈ ਆਰ.ਆਰ. ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਅਤੇ ਸਮੂਹ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਉਨ੍ਹਾਂ ਦੀ ਸੰਸਥਾ ਨੂੰ ਆਪਣੇ ਇਤਿਹਾਸ, ਵਿਰਾਸਤ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਤੇ ਪਸਾਰ ਕਰਨ ਦਾ ਇੱਕ ਹੋਰ ਜਰੀਆ ਮਿਲੇਗਾ। ਉਨ੍ਹਾਂ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਵੱਲੋਂ ਆਰ.ਆਰ. ਬਾਵਾ ਕਾਲਜ ਨਾਲ ਮਿਲ ਕੇ ਸੈਮੀਨਾਰ, ਵਰਕਸ਼ਾਪ, ਹੈਰੀਟੇਜ ਟੂਰ ਆਦਿ ਗਤੀਵਿਧੀਆਂ ਦਾ ਆਯੋਜਿਨ ਕੀਤਾ ਜਾਵੇਗਾ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਤੇ ਸੱਿਬਆਚਾਰ ਤੋਂ ਜਾਣੂ ਹੋ ਕੇ ਉਸ ਨਾਲ ਜੁੜ ਸਕੇ।
ਇਸ ਮੌਕੇ ਆਰ.ਆਰ. ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਬਟਾਲਾ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਡਾ. ਲੱਕੀ ਸ਼ਰਮਾਂ, ਡਾ. ਮਿਨਾਕਸ਼ੀ ਦੁੱਗਲ, ਵਿਰਾਸਤੀ ਮੰਚ ਬਟਾਲਾ ਵੱਲੋਂ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ, ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਅਨੁਰਾਗ ਮਹਿਤਾ, ਹਰਜੀਤ ਸਿੰਘ ਸੋਖੀ ਅਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ।