ਪੰਜਾਬ ਮੁੱਖ ਖ਼ਬਰ

ਸੂਬੇ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਪੰਜਾਬ ਪੁਲਿਸ ਲਵੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ

ਸੂਬੇ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਪੰਜਾਬ ਪੁਲਿਸ ਲਵੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ
  • PublishedOctober 6, 2023

ਪੰਜਾਬ ਪੁਲਿਸ ਟਰੈਫਿਕ ਵਿੰਗ ਨੇ ਸੜਕ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਮੁੱਖ ਸੰਸਥਾਵਾਂ ਨਾਲ ਕੀਤਾ ਐਮਓਯੂ ਸਹੀਬੱਧ

ਮੈਪ ਮਾਈ ਇੰਡੀਆ, ਪੰਜਾਬ-ਅਧਾਰਤ ਸੇਫ ਸੁਸਾਇਟੀ, ਗੁਰੂਗ੍ਰਾਮ-ਅਧਾਰਤ ਇੰਟੋਜ਼ੀ ਟੈਕ ਅਤੇ ਜੈਪੁਰ-ਅਧਾਰਤ ਮੁਸਕਾਨ ਫਾਊਂਡੇਸ਼ਨ ਨੇ ਪੰਜਾਬ ਪੁਲਸ ਨਾਲ ਮਿਲਾਇਆ ਹੱਥ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ

ਚੰਡੀਗੜ੍ਹ, 6 ਅਕਤੂਬਰ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਸੜਕੀ ਸੁਰੱਖਿਆ ਨੂੰ ਵਧਾਉਣ ਅਤੇ ਟਰੈਫਿਕ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਕਦਮ ਚੁੱਕਦਿਆਂ ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੇ ਚਾਰ ਨਾਮਵਰ ਸੰਸਥਾਵਾਂ ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਸੂਬੇ ਭਰ ’ਚ ਹੋਰ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਆਵਾਜਾਈ ਨੈੱਟਵਰਕ ਨੂੰ ਯਕੀਨੀ ਬਣਾਇਆ ਜਾ ਸਕੇ।

ਐਸ.ਏ.ਐਸ.ਨਗਰ ਦੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਵਿਖੇ ਇੱਕ ਮਹੱਤਵਪੂਰਨ ਸਮਾਗਮ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਟਰੈਫਿਕ ਏ.ਐਸ.ਰਾਏ ਦੀ ਅਗਵਾਈ ਹੇਠ ਪ੍ਰਮੁੱਖ ਕੰਪਨੀਆਂ ਜਿਹਨਾਂ ਵਿੱਚ ਮੈਪ ਮਾਈ ਇੰਡੀਆ, ਪੰਜਾਬ ਅਧਾਰਤ ਸੇਫ਼ ਸੋਸਾਇਟੀ, ਗੁਰੂਗ੍ਰਾਮ ਸਥਿਤ ਇੰਟੋਜੀ ਟੇਕ ਪ੍ਰਾਈਵੇਟ ਲਿਮਟਿਡ ਅਤੇ ਜੈਪੁਰ ਸਥਿਤ ਮੁਸਕਾਨ ਫਾਊਂਡੇਸ਼ਨ ਸ਼ਾਮਲ ਹਨ, ਨਾਲ ਐਮਓਯੂ ਸਹੀਬੱਧ ਕੀਤੇ ਗਏ । ਇਸ ਮੌਕੇ ਮੈਪ ਮਾਈ ਇੰਡੀਆ ਦੇ ਸੀਈਓ-ਕਮ-ਕਾਰਜਕਾਰੀ ਨਿਰਦੇਸ਼ਕ ਰੋਹਨ ਵਰਮਾ, ਸੇਫ਼ ਸੁਸਾਇਟੀ ਦੇ ਚੇਅਰਪਰਸਨ ਰੁਪਿੰਦਰ ਸਿੰਘ, ਮੁਸਕਾਨ ਫਾਊਂਡੇਸ਼ਨ ਦੇ ਟਰੱਸਟੀ ਸ਼ਾਂਤਨੂ ਬਸੀਨ ਅਤੇ ਇੰਟੋਜ਼ੀ ਦੇ ਸੰਸਥਾਪਕ ਅਤੇ ਸੀਈਓ ਨਰੇਸ਼ ਕੁਮਾਰ ਹਾਜ਼ਰ ਸਨ।

ਇਹ ਅਮਲ ਸੜਕ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧੀਆਂ ਨੂੰ ਕਾਬੂ ਕਰਨ ਲਈ ਸਮਰਪਿਤ ਇੱਕ ਵਿਸ਼ੇਸ਼ ਪੁਲਿਸ ਟੀਮ ਸੜਕ ਸੁਰੱਖਿਆ ਫੋਰਸ(ਐਸਐਸਐਫ) ਦੀ ਸ਼ੁਰੂਆਤ ਦੇ ਮੱਦੇਨਜ਼ਰ ਕੀਤਾ ਗਿਆ ਹੈ।

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਦੱਸਿਆ ਕਿ ਇਹਨਾਂ ਸੰਸਥਾਵਾਂ ਦੇ ਸਾਂਝੇ ਯਤਨ ਸੁਰੱਖਿਅਤ ਸੜਕਾਂ, ਟਰੈਫਿਕ ਦੇ ਕੁਸ਼ਲ ਤੇ ਬਿਹਤਰ ਬੰਦੋਬਸਤ ਅਤੇ ਪੰਜਾਬ ਦੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰਨਗੇ। ਉਹਨਾਂ ਕਿਹਾ ,“ਅਸੀਂ ਸਾਰੇ ਨਾਗਰਿਕਾਂ ਲਈ ਸੂਬੇ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹਾਂ।’’

ਉਨ੍ਹਾਂ ਕਿਹਾ ਕਿ ਇਹ ਕੰਪਨੀਆਂ ਸੜਕ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਨ ਰਣਨੀਤੀਆਂ ਨੂੰ ਵਧਾਉਣ ਲਈ ਵਿਗਿਆਨਕ ਜਾਂਚ ਅਤੇ ਗਿਆਨ ਸਿਰਜਣ ਦਾ ਮਾਹੌਲ ਪੈਦਾ ਕਰਨਗੀਆਂ। ਜਦਕਿ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਰਾਜ ਦੇ ਵਿੱਚ ਟਰੈਫਿਕ ਕੰਟਰੋਲ ਦੀ ਦਿਸ਼ਾ ਵਿੱਚ ਕ੍ਰਾਂਤੀ ਲਿਆਉਣ ਲਈ ਅਨੁਕੂਲਿਤ ਵਾਤਾਵਰਣ ਸਿਰਜੇਗਾ ਤਾਂ ਜੋ ਬਿਹਤਰ ਟਰੈਫਿਕ ਦਾ ਪ੍ਰਬੰਧਨ ਕਰਕੇ ਦੁਰਘਟਨਾਵਾਂ ਨੂੰ ਟਾਲਿਆ ਜਾ ਸਕੇ।

ਏਡੀਜੀਪੀ ਨੇ ਕਿਹਾ ,“ਇਹ ਪਹਿਲਕਦਮੀ ਨਾ ਸਿਰਫ ਸੜਕੀ ਮੌਤਾਂ ਅਤੇ ਹਾਦਸਿਆਂ ਨੂੰ ਘਟਾ ਕੇ ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਪੈਦਾ ਕਰੇਗੀ, ਸਗੋਂ ਟਰੈਫਿਕ ਪ੍ਰਬੰਧਨ, ਕੰਟਰੋਲ, ਆਵਾਜਾਈ, ਸੜਕ ਸੁਰੱਖਿਆ ਇੰਜੀਨੀਅਰਿੰਗ, ਇੰਟੈਲੀਜੈਂਟ ਟਰਾਂਸਪੋਰਟ ਹੱਲ, ਐਮ-ਪੁਲਿਸਿੰਗ, ਈ-ਪੁਲਿਸਿੰਗ ਅਤੇ ਸੂਬਾ ਪੁਲਿਸ ਨੂੰ ਸਿਖਲਾਈ ਨਾਲ ਹੋਰ ਮੁਹਾਰਤ ਵੱਲ ਹੁਲਾਰਾ ਦੇਵੇਗੀ । ਉਹਨਾਂ ਅੱਗੇ ਕਿਹਾ ਇਸ ਨਾਲ ਟਰੈਫਿਕ ਪੈਟਰਨਜ਼ ਅਤੇ ਸੜਕ ਸੁਰੱਖਿਆ ਸਬੰਧੀ ਚੁਣੌਤੀਆਂ ਦੀ ਡੂੰਘੀ ਸਮਝ ਵਧੇਗੀ ਜਿਸਦੇ ਸਿੱਟੇੇ ਵਜੋਂ ਵਧੇਰੇ ਪ੍ਰਭਾਵਸ਼ਾਲੀ ਹੱਲ ਲੱਭਣਗੇ।

ਉਨ੍ਹਾਂ ਕਿਹਾ ਕਿ ਸੰਯੁਕਤ ਮੁਹਾਰਤ ਅਤੇ ਡੇਟਾ ਐਕਸਚੇਂਜ ਰਾਹੀਂ ਅਪਲਾਈਡ ਰਿਸਰਚ ਨੂੰ ਸਹੂਲਤ ਮਿਲੇਗੀ, ਜਿਸ ਦੀ ਵਰਤੋਂ ਸਮਾਜ ਦੇ ਵਿਆਪਕ ਲਾਭ ਲਈ ਖੋਜਾਂ ਨੂੰ ਪ੍ਰਸਾਰਤ ਕਰਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਸੜਕ ਸੁਰੱਖਿਆ ਦੇ ਖੇਤਰ ਵਿੱਚ ਨਵੀਨਤਾ ਅਤੇ ਨਾਲੇਜ ਸ਼ੇਅਰਿੰਗ (ਗਿਆਨ-ਵੰਡ) ਨੂੰ ਉਤਸ਼ਾਹਿਤ ਕਰੇਗਾ।

ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਸੜਕ ਸੁਰੱਖਿਆ ਵਿੱਚ ਵਿਗਿਆਨਕ ਨਜ਼ਰੀਆ ਲਿਆਉਣ ਲਈ ਪੰਜਾਬ ਪੁਲਿਸ ਦੀ ਇਹ ਇੱਕ ਹੋਰ ਪਹਿਲਕਦਮੀ ਹੈ ਅਤੇ ਇਸ ਨਾਲ ਪੰਜਾਬ ਪੁਲੀਸ ਦੇ ਟਰੈਫਿਕ ਵਿੰਗ ਵਿੱਚ ਡਾਟਾ-ਅਧਾਰਿਤ ਫੈਸਲੇ ਲੈਣ ਦੀ ਸਮਰੱਥਾ ਹੋਰ ਵਧੇਗੀ।

ਜ਼ਿਕਰਯੋਗ ਹੈ ਕਿ ਹਸਤਾਖਰਕਰਤਾਵਾਂ ਨੇ 2021 ਤੋਂ 2030 ਤੱਕ ਸੰਯੁਕਤ ਰਾਸ਼ਟਰ ਸੰਘ ਦੁਆਰਾ ਮਨੋਨੀਤ ‘‘ ਡੀਕੇਡ ਆਫ ਐਕਸ਼ਨ ਆਨ ਰੋਡ ਸੇਫਟੀ ’’ ਨੂੰ ਪੂਰਨ ਸਮਰਥਨ ਦਾ ਵਾਅਦਾ ਵੀ ਕੀਤਾ ਹੈ।

ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਸੰਸਥਾਵਾਂ ਕਿਵੇਂ ਮਦਦ ਕਰਨਗੀਆਂ

ਮੈਪ ਮਾਈ ਇੰਡੀਆ: ਰੀਅਲ-ਟਾਈਮ ਅਡਵਾਈਜ਼ਰੀਆਂ ਅਤੇ ਨੈਵੀਗੇਸ਼ਨ ਸੇਵਾਵਾਂ ਅਤੇ ਮਹੱਤਵਪੂਰਨ ਜਾਣਕਾਰੀ ਜਿਵੇਂ ਕਿ ਦੁਰਘਟਨਾਵਾਂ, ਸੜਕਾਂ ਦੇ ਬੰਦ ਹੋਣ ਅਤੇ ਵੀਆਈਪੀ ਆਵਾਜਾਈ ਬਾਰੇ ਢੁਕਵੀਂ ਜਾਣਕਾਰੀ ਪ੍ਰਦਾਨ ਕਰੇਗਾ।

  • ਇੰਟੋਜ਼ੀ ਟੈੱਕ: ਟਰੈਫਿਕ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਵਿੱਚ ਸਹਾਇਕ ਹੋਵੇਗਾ, ਇੱਕ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਸੜਕ ਨੈੱਟਵਰਕ ਵਿੱਚ ਯੋਗਦਾਨ ਪਾਵੇਗਾ।
  • ਸੇਫ ਸੋਸਾਇਟੀ: ਸੜਕ ਸੁਰੱਖਿਆ ਆਡਿਟ ਕਰਵਾਉਣ, ਬਲੈਕ ਸਪੌਟਸ ਦੀ ਪਛਾਣ ਕਰਨ, ਅਤੇ ਸੜਕ ਸੁਰੱਖਿਆ ਨੂੰ ਵਧਾਉਣ ਸਬੰਧੀ ਸੁਧਾਰ ਕਰਨ ਵਿੱਚ ਸਹਿਯੋਗ ਕਰੇਗਾ।
  • ਮੁਸਕਾਨ ਫਾਊਂਡੇਸ਼ਨ: ਸੜਕ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ ਪ੍ਰੋਗਰਾਮਾਂ, ਪੁਲਿਸ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ, ਤਕਨੀਕੀ ਸੜਕ ਸੁਰੱਖਿਆ ਆਡਿਟ, ਬਲੈਕ ਸਪਾਟ ਪਛਾਣ, ਅਤੇ ਸੁਧਾਰ ਦੇ ਕੰਮਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗੀ।
Written By
The Punjab Wire