ਸਿਹਤ ਪੰਜਾਬ ਮੁੱਖ ਖ਼ਬਰ

ਹੁਣ ਤੋਂ 15 ਹੋਰ ਸ਼ਹਿਰਾਂ ਦੇ ਲੋਕ ‘ਸੀ.ਐਮ. ਦੀ ਯੋਗਸ਼ਾਲਾ’ ਵਿੱਚ ਲੈ ਸਕਣਗੇ ਹਿੱਸਾ

ਹੁਣ ਤੋਂ 15 ਹੋਰ ਸ਼ਹਿਰਾਂ ਦੇ ਲੋਕ ‘ਸੀ.ਐਮ. ਦੀ ਯੋਗਸ਼ਾਲਾ’ ਵਿੱਚ ਲੈ ਸਕਣਗੇ ਹਿੱਸਾ
  • PublishedOctober 4, 2023

ਪੰਜਾਬ ਸਰਕਾਰ ਨੇ ਤੀਜੇ ਪੜਾਅ ਵਿੱਚ 15 ਹੋਰ ਸ਼ਹਿਰਾਂ ‘ਚ ‘ਸੀ.ਐਮ. ਦੀ ਯੋਗਸ਼ਾਲਾ’ ਕੀਤੀ ਸ਼ੁਰੂ, ਕੁੱਲ 24 ਸ਼ਹਿਰਾਂ ਵਿੱਚ ਹੋ ਚੁਕਿਆ ਹੈ ਮੁਹਿੰਮ ਦਾ ਆਗਾਜ਼

ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਸਿਹਤਮੰਦ ਬਣਾਉਣ ਲਈ ਯੋਗਾ ਜ਼ਰੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੋਕ ਮੁਫਤ ਯੋਗਾ ਸਿਖਲਾਈ ਲੈਣ ਲਈ ਟੋਲ-ਫ੍ਰੀ ਨੰਬਰ 7669 400 500 ਕਰ ਸਕਦੇ ਹਨ ਡਾਇਲ ਜਾਂ https://cmdiyogshala.punjab.gov.in ‘ਤੇ ਕਰ ਸਕਦੇ ਹਨ ਲੌਗਇਨ

ਚੰਡੀਗੜ੍ਹ, 4 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਵੀਰਵਾਰ ਤੋਂ ਸੂਬੇ ਦੇ 15 ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਕੁੱਲ 24 ਸ਼ਹਿਰਾਂ ਵਿੱਚ ਇਸ ਮੁਹਿੰਮ ਆ ਆਗਾਜ਼ ਹੋ ਜਾਵੇਗਾ।

ਇਸ ਤੋਂ ਪਹਿਲਾਂ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਦੋ ਪੜਾਵਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ. ਨਗਰ, ਸੰਗਰੂਰ ਅਤੇ ਬਠਿੰਡਾ ਸਮੇਤ ਨੌਂ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਸੀ। ਮੌਜੂਦਾ ਸਮੇਂ ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਸਵੇਰੇ 300 ਥਾਵਾਂ ‘ਤੇ ‘ਸੀ.ਐਮ. ਦੀ ਯੋਗਸ਼ਾਲਾ’ ਲਗਾਈ ਜਾ ਰਹੀ ਹੈ, ਜਿਸ ਵਿੱਚ 10000 ਤੋਂ ਵੱਧ ਲੋਕ ਇਨ੍ਹਾਂ ਯੋਗਾ ਕੈਂਪਾਂ ਦਾ ਲਾਭ ਲੈ ਰਹੇ ਹਨ।

ਤੀਜੇ ਪੜਾਅ ਵਿੱਚ ਸ਼ਾਮਲ ਕੀਤੇ ਗਏ 15 ਨਵੇਂ ਸ਼ਹਿਰਾਂ ਵਿੱਚ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ ਅਤੇ ਮਲੇਰਕੋਟਲਾ ਸਮੇਤ ਸਾਰੇ ਪ੍ਰਮੁੱਖ ਜ਼ਿਲ੍ਹੇ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਚੰਗੀ ਸਿਹਤ ਬਣਾਉਣ ਦੇ ਨਾਲ ਨਾਲ ਉਨ੍ਹਾਂ ਲੋਕਾਂ ਦਾ ਤਣਾਅ ਦੂਰ ਕੀਤਾ ਜਾਵੇ, ਜੋ ਆਪਣੇ ਜੀਵਨ ਵਿੱਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਤਣਾਅ ਦਾ ਵਧ ਰਿਹਾ ਪੱਧਰ ਹਰ ਕਿਸੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਯੋਗਾ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਰੋਜ਼ਾਨਾ ਖੁਦ ਸਵੇਰੇ ਯੋਗਾ ਕਰਦੇ ਹਨ, ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗਾ ਦਾ ਅਭਿਆਸ ਕਰਕੇ ਸਿਹਤਮੰਦ ਜੀਵਨ ਬਤੀਤ ਕਰਦਿਆਂ ਮਾਨਸਿਕ ਅਤੇ ਸਰੀਰਕ ਸੰਤੁਲਨ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਯੋਗਾ ਸਿਖਲਾਈ ਲਈ ਲੋਕ ਟੋਲ-ਫ੍ਰੀ ਨੰਬਰ 7669 400 500 ‘ਤੇ ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ‘ਤੇ ਲੌਗਇਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈਯਾਫ਼ਤਾ ਯੋਗਾ ਇੰਸਟ੍ਰਕਟਰ ਲੋਕਾਂ ਨੂੰ ਯੋਗਾ ਬਾਰੇ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਦੀ ਸ਼ਾਨਦਾਰ ਪੁਰਾਤਨ ਪਰੰਪਰਾ ਦੇ ਅਨੁਰੂਪ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਵਿੱਚ ਵਧੇਰੇ ਸਹਾਈ ਸਿੱਧ ਹੋਣਗੀਆਂ।

ਦੱਸਣਯੋਗ ਹੈ ਕਿ ਕੋਈ ਵੀ ਵਿਅਕਤੀ, ਜਿਸ ਕੋਲ ‘ਸੀ.ਐਮ. ਦੀ ਯੋਗਸ਼ਾਲਾ’ ਲਈ ਆਪਣੇ ਘਰ ਦੇ ਨੇੜੇ ਢੁਕਵੀਂ ਜਗ੍ਹਾ ਹੈ ਅਤੇ ਯੋਗਾ ਕਲਾਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ 25 ਲੋਕਾਂ ਦਾ ਗਰੁੱਪ ਹੈ ਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਸਥਾਨਾਂ ਵਿਖੇ ਮੁਫਤ ਯੋਗਾ ਸਿਖਲਾਈ ਦੇਣ ਲਈ ਸਿਖਲਾਈਯਾਫ਼ਾ ਯੋਗਾ ਇੰਸਟ੍ਰਕਟਰ ਭੇਜੇ ਜਾਂਦੇ ਹਨ।

Written By
The Punjab Wire