ਪੰਜਾਬ ਮੁੱਖ ਖ਼ਬਰ

ਵਿਸ਼ਵ ਰੇਬੀਜ਼ ਦਿਵਸ: ਪੰਜਾਬ ਦੇ ਸਿਹਤ ਮੰਤਰੀ ਨੇ ਰੇਬੀਜ਼ ਦੀ ਰੋਕਥਾਮ ਲਈ ਵਿਭਾਗਾਂ ਦਰਮਿਆਨ ਬਹੁ-ਪੱਧਰੀ ਤਾਲਮੇਲ ਬਣਾਉਣ ਦੀ ਲੋੜ ‘ਤੇ ਦਿੱਤਾ ਜ਼ੋਰ

ਵਿਸ਼ਵ ਰੇਬੀਜ਼ ਦਿਵਸ: ਪੰਜਾਬ ਦੇ ਸਿਹਤ ਮੰਤਰੀ ਨੇ ਰੇਬੀਜ਼ ਦੀ ਰੋਕਥਾਮ ਲਈ ਵਿਭਾਗਾਂ ਦਰਮਿਆਨ ਬਹੁ-ਪੱਧਰੀ ਤਾਲਮੇਲ ਬਣਾਉਣ ਦੀ ਲੋੜ ‘ਤੇ ਦਿੱਤਾ ਜ਼ੋਰ
  • PublishedSeptember 28, 2023

ਪੰਜਾਬ ਵਿੱਚ 214 ਐਂਟੀ-ਰੇਬੀਜ਼ ਕਲੀਨਿਕ ਕਾਰਜਸ਼ੀਲ; ਜਾਨਵਰਾਂ ਦੇ ਕੱਟਣ ਦੇ ਮਾਮਲੇ ਵਿੱਚ ਮੁਫ਼ਤ ਟੀਕਾਕਰਨ ਉਪਲੱਬਧ: ਡਾ. ਬਲਬੀਰ ਸਿੰਘ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ

ਚੰਡੀਗੜ੍ਹ, 28 ਸਤੰਬਰ 2023 (ਦੀ ਪੰਜਾਬ ਵਾਇਰ)। ਵਿਸ਼ਵ ਰੇਬੀਜ਼ ਦਿਵਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰੇਬੀਜ਼ ਦੇ ਖ਼ਤਰੇ ਨੂੰ ਘੱਟ ਕਰਨ ਲਈ ਵੱਖ-ਵੱਖ ਵਿਭਾਗਾਂ ਦਰਮਿਆਨ ਬਹੁ-ਪੱਧਰੀ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ।

ਸਿਹਤ ਮੰਤਰੀ ਅੱਜ ਇਥੇ ਵਿਸ਼ਵ ਰੇਬੀਜ਼ ਦਿਵਸ ਮੌਕੇ ਆਯੋਜਿਤ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਵਰਕਸ਼ਾਪ ਦਾ ਉਦੇਸ਼ ਰੇਬੀਜ਼ ਦੀ ਰੋਕਥਾਮ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਭਿਆਨਕ ਬਿਮਾਰੀ ਵਿਰੁੱਧ ਲੜਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਵਿਸ਼ਵ ਰੇਬਿਜ਼ ਦਿਵਸ ਲਈ ਇਸ ਸਾਲ ਦਾ ਵਿਸ਼ਾ “ਆਲ ਫਾਰ 1, ਵਨ ਹੈਲਥ ਫਾਰ ਆਲ” ਸੀ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਸੀ ਕਿ ਸਿਹਤ ਸਿਰਫ਼ ਕੁਝ ਚੁਣੇ ਵਿਅਕਤੀਆਂ ਤੱਕ ਹੀ ਨਹੀਂ ਹੈ, ਬਲਕਿ ਸਾਰੇ ਵਿਅਕਤੀਆਂ ਲਈ ਬਰਾਬਰ ਹੈ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪਸ਼ੂ ਪਾਲਣ ਸਮੇਤ ਵੱਖ-ਵੱਖ ਵਿਭਾਗਾਂ ਅਤੇ ਭਾਈਚਾਰਿਆਂ ਦੇ ਸਹਿਯੋਗ ਨਾਲ ਹੀ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਕੱਟਣ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਕੁਝ ਮੈਡੀਕਲ ਕਾਲਜਾਂ ਅਤੇ ਕੁਝ ਪੀਐਚਸੀਜ਼ ਵਿੱਚ 214 ਕਾਰਜਸ਼ੀਲ ਐਂਟੀ ਰੈਬੀਜ਼ ਕਲੀਨਿਕ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਜ਼ਿਲ੍ਹੇ ਵੱਲੋਂ ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ (ਐਨਆਰਸੀਪੀ) ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੁੱਲ 834 ਪੈਰਾਮੈਡੀਕਲ ਸਟਾਫ ਅਤੇ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਐਂਟੀ ਰੇਬੀਜ਼ ਸੀਰਮ (ਏਆਰਐਸ) ਸੂਬੇ ਵਿੱਚ ਜ਼ਰੂਰੀ ਦਵਾਈਆਂ ਦੀ ਸੂਚੀ (ਈਡੀਐਲ) ਤਹਿਤ ਮੁਫ਼ਤ ਉਪਲਬਧ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਕੀਮਤ ‘ਤੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਵਿਭਾਗ ਦੇ ਮਾਸ ਐਜੂਕੇਸ਼ਨ ਐਂਡ ਮੀਡੀਆ ਵਿੰਗ ਵੱਲੋਂ ਤਿਆਰ ਕੀਤੀ ਇੱਕ ਕੋਮਿਕ ਬੁੱਕ ਵੀ ਰਿਲੀਜ਼ ਕੀਤੀ, ਜਿਸ ਦਾ ਉਦੇਸ਼ ਤਸਵੀਰਾਂ ਰਾਹੀਂ ਬੱਚਿਆਂ ਨੂੰ ਰੇਬੀਜ਼ ਬਾਰੇ ਜਾਗਰੂਕ ਕਰਨਾ ਹੈ।

ਸਕੱਤਰ ਸਿਹਤ ਕਮ ਐਮਡੀ ਐਨਐਚਐਮ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਸਿਹਤ ਖੇਤਰ ਦੇ ਰੋਕਥਾਮ ਅਤੇ ਪ੍ਰਮੋਟਿਵ ਪਹਿਲੂ ਅਤੇ ਸਦੀਆਂ ਪੁਰਾਣੀ ਕਹਾਵਤ ‘ਇਲਾਜ ਨਾਲੋਂ ਰੋਕਥਾਮ ਬਿਹਤਰ ਹੈ’ ਮੁਤਾਬਿਕ ਰੇਬੀਜ਼ ਤੋਂ ਬਚਣ ਦਾ ਤਰੀਕਾ ਸਿਰਫ਼ ਇਸਦੀ ਰੋਕਥਾਮ ਹੀ ਹੈ।

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਵਿਭਾਗ ਦੇ ਫੀਲਡ ਸਟਾਫ਼ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਮ ਲੋਕਾਂ ਨੂੰ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ।

ਸਟੇਟ ਪ੍ਰੋਗਰਾਮ ਅਫਸਰ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਡਾ. ਪ੍ਰੀਤੀ ਥਾਵਰੇ ਨੇ ਇਸ ਸਿਖਲਾਈ ਵਰਕਸ਼ਾਪ ਦੀ ਸਫ਼ਲਤਾ ਲਈ ਬਿਹਤਰ ਤਾਲਮੇਲ ਬਣਾਇਆ।

ਡੱਬੀ: ਰੇਬੀਜ਼ ਕੀ ਹੈ?

ਘਾਤਕ ਜ਼ੂਨੋਟਿਕ ਬਿਮਾਰੀ, ਰੇਬੀਜ਼ ਵਾਇਰਸ ਨਾਲ ਸੰਕਰਮਿਤ ਜਾਨਵਰਾਂ ਦੇ ਕੱਟਣ ਨਾਲ ਫੈਲਦੀ ਹੈ, ਜਿਸ ਦਾ ਲੋਕਾਂ ਦੀ ਸਿਹਤ ਲਈ ਵੱਡਾ ਜੋਖਮ ਹੈ।

ਆਮ ਤੌਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਰੇਬੀਜ਼ ਸਿਰਫ ਕੁੱਤੇ ਦੇ ਕੱਟਣ ਨਾਲ ਫੈਲ ਸਕਦਾ ਹੈ। ਹਾਲਾਂਕਿ ਇਸਦੇ ਉਲਟ, ਇਹ ਬਿਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀਂ ਸਗੋਂ ਇਹ ਬਿੱਲੀਆਂ, ਬਾਂਦਰਾਂ, ਫੈਰੇਟਸ, ਬੱਕਰੀਆਂ, ਚਮਗਿੱਦੜਾਂ, ਬੀਵਰਜ਼, ਲੂੰਬੜੀਆਂ ਅਤੇ ਰੈਕੂਨ ਸਮੇਤ ਵੱਖ-ਵੱਖ ਜਾਨਵਰਾਂ ਦੇ ਕੱਟਣ ਨਾਲ ਹੋ ਸਕਦੀ ਹੈ।ਇਹ ਵਾਇਰਸ ਸੰਕਰਮਿਤ ਜਾਨਵਰਾਂ ਦੀ ਲਾਰ ਵਿੱਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾਂ ਜ਼ਖ਼ਮਾਂ ਰਾਹੀਂ ਮਨੁੱਖਾਂ ਵਿੱਚ ਦਾਖਲ ਹੁੰਦਾ ਹੈ।

ਰੇਬੀਜ਼ ਦੀਆਂ ਨਿਸ਼ਾਨੀਆਂ ਅਤੇ ਲੱਛਣ:

ਰੇਬੀਜ਼ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ ਅਤੇ ਆਮ ਕਮਜ਼ੋਰੀ ਹੋ ਸਕਦੇ ਹਨ। ਜਿਉਂ ਜਿਉਂ ਵਾਇਰਸ ਫੈਲਦਾ ਹੈ ਤਾਂ ਹੋਰ ਲੱਛਣ ਪੈਦਾ ਹੋਣ ਲੱਗਦੇ ਹਨ ਜਿਵੇਂ ਉਲਝਣ, ਬੇਚੈਨੀ , ਭਰਮ, ਦੌਰੇ, ਨਿਗਲਣ ਵਿੱਚ ਮੁਸ਼ਕਲ, ਬਹੁਤ ਜ਼ਿਆਦਾ ਲਾਰ, ਅਧਰੰਗ ਅਤੇ ਅੰਤ ਵਿੱਚ ਮੌਤ।

ਰੇਬੀਜ਼ ਤੋਂ ਬਚਾਅ ਦੇ ਕਦਮ

ਅਵਾਰਾ ਜਾਨਵਰਾਂ (ਜਾਂ ਕੋਈ ਵੀ ਜਾਨਵਰ ਜੋ ਬਿਮਾਰ ਜਾਂ ਜ਼ਖਮੀ ਦਿਖਾਈ ਦਿੰਦਾ ਹੈ) ਦੇ ਸੰਪਰਕ ‘ਚ ਆਉਣ ਤੋਂ ਬਚੋ ਆਪਣੇ ਪਾਲਤੂ ਜਾਨਵਰਾਂ ਨੂੰ ਨਿਯਮਿਤ ਤੌਰ ‘ਤੇ ਰੇਬੀਜ਼ ਦੇ ਟੀਕੇ ਲਵਾਓ

ਅਵਾਰਾ ਪਸ਼ੂਆਂ ਨੂੰ ਨਾ ਛੂਹੋ

ਜਾਨਵਰਾਂ ਦੇ ਕੱਟਣ ਵਾਲੀ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 10 ਮਿੰਟ ਧੋਵੋਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ਼ ਦੇ ਸੰਕਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ਼ ਦਾ ਟੀਕਾ ਲਗਵਾਓ
ਜਾਨਵਰਾਂ ਦੇ ਕੱਟਣ ਸਬੰਧੀ ਸਥਾਨਕ ਸਿਹਤ ਵਿਭਾਗ ਨੂੰ ਰਿਪੋਰਟ ਕਰੋ

Written By
The Punjab Wire