ਜਿੰਪਾ ਨੇ ਗੁਰੂਦੁਆਰਾ ਫਤਹਿਗੜ੍ਹ ਸਾਹਿਬ ਨਜ਼ਦੀਕ 7.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਟਾਇਲਟ ਬਲਾਕ ਦਾ ਨੀਂਹ ਪੱਥਰ ਰੱਖਿਆ
441 ਪਖਾਨੇ, 126 ਯੂਰੀਨਲ ਅਤੇ 315 ਬਾਥਰੂਮ ਬਣਾਏ ਜਾਣਗੇ
ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ: ਬ੍ਰਮ ਸ਼ੰਕਰ ਜਿੰਪਾ
ਚੰਡੀਗੜ੍ਹ/ਫਤਹਿਗੜ੍ਹ ਸਾਹਿਬ, 27 ਸਤੰਬਰ 2023 (ਦੀ ਪੰਜਾਬ ਵਾਇਰ)। ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਉਣ ਵਾਲੀ ਸੰਗਤ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸੇ ਤਹਿਤ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੇੜੇ ਸੰਗਤਾਂ ਦੀ ਸਹੂਲਤ ਲਈ 7.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਟਾਇਲਟ ਬਲਾਕ ਦਾ ਨੀਂਹ ਪੱਥਰ ਰੱਖਿਆ।
ਜਿੰਪਾ ਨੇ ਦੱਸਿਆ ਕਿ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਰੋਜ਼ਾਨਾ ਬਹੁਤ ਸਾਰੇ ਸ਼ਰਧਾਲੂ ਫਤਹਿਗੜ੍ਹ ਸਾਹਿਬ ਆਉਂਦੇ ਹਨ। ਸ਼ਹੀਦੀ ਸਭਾ ਵਿਚ ਇਹ ਗਿਣਤੀ ਲੱਖਾਂ ਤੱਕ ਪੁੱਜ ਜਾਂਦੀ ਹੈ। ਇਸ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਇਕ ਟਾਇਲਟ ਬਲਾਕ ਬਣਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਅੱਜ ਟਾਇਲਟ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿੰਪਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 21 ਟਾਇਲਟ ਬਲਾਕ ਬਣਾਏ ਜਾਣਗੇ ਜਿਨ੍ਹਾਂ ਵਿੱਚ 441 ਪਖਾਨੇ, 126 ਯੂਰੀਨਲ ਤੇ 126 ਹੀ ਵਾਸ਼ਬੇਸਨ ਅਤੇ 315 ਬਾਥਰੂਮ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜਿੰਪਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਿਸਾਲ ਦੁਨੀਆ ਭਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ ਅਤੇ ਉਨ੍ਹਾਂ ਦੀ ਸ਼ਹਾਦਤ ਵਾਲੀ ਇਸ ਧਰਤੀ ਦਾ ਵਿਕਾਸ ਪੰਜਾਬ ਸਰਕਾਰ ਪਹਿਲ ਦੇ ਆਧਾਰ ‘ਤੇ ਕਰਵਾ ਰਹੀ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਜਿੰਪਾ ਨੇ ਦੱਸਿਆ ਕਿ ਇਹ ਟਾਇਲਟ ਬਲਾਕ ਆਧੁਨਿਕ ਢੰਗ ਨਾਲ ਬਣਾਇਆ ਜਾਵੇਗਾ। ਉਨ੍ਹਾਂ ਸਹਿਯੋਗ ਦੇਣ ਲਈ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਦਾ ਖਾਸ ਧੰਨਵਾਦ ਕੀਤਾ। ਇਸ ਮੌਕੇ ਜਿੰਪਾ ਨੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਐਸ.ਜੀ.ਪੀ.ਸੀ. ਦੇ ਸਾਬਕਾ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਫਤਹਿਗੜ੍ਹ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਬਣਾਏ ਜਾ ਰਹੇ ਟਾਇਲਟ ਬਲਾਕ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਲਕੇ ਦੀ ਚਹੁੰਮੁਖੀ ਉੱਨਤੀ ਲਈ ਵਚਨਬੱਧ ਹੈ ਅਤੇ ਇਸ ਨਗਰ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇੱਥੇ ਵਿਕਾਸ ਹੋਰ ਤੇਜ਼ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟਾਇਲਟ ਬਲਾਕ ਬਣਾਉਣ ਦੇ ਐਲਾਨ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਨੁੰ ਆਉਂਦੀਆਂ ਪੰਜ ਸੜਕਾਂ ਨੁੰ 8.17 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਤੇ ਮਜਬੁਤ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਅਤੇ ਇਨ੍ਹਾਂ ਸੜਕਾਂ ਦਾ ਕੰਮ ਮੁਕੰਮਲ ਹੋ ਗਿਆ ਹੈ।