ਪੰਜਾਬ

ਹੁਸ਼ਿਆਰਪੁਰ- ਮੁੜ ਵਸੇਬਾ ਕੇਂਦਰ ’ਚ ਦਾਖਲ ਨੌਜਵਾਨਾਂ ਨੂੰ ਰੈੱਡ ਕਰਾਸ ਵਲੋਂ ਦਿੱਤੀ ਜਾਵੇਗੀ ਕਿੱਤਾਮੁਖੀ ਟ੍ਰੇਨਿੰਗ : ਕੋਮਲ ਮਿੱਤਲ

ਹੁਸ਼ਿਆਰਪੁਰ- ਮੁੜ ਵਸੇਬਾ ਕੇਂਦਰ ’ਚ ਦਾਖਲ ਨੌਜਵਾਨਾਂ ਨੂੰ ਰੈੱਡ ਕਰਾਸ ਵਲੋਂ ਦਿੱਤੀ ਜਾਵੇਗੀ ਕਿੱਤਾਮੁਖੀ ਟ੍ਰੇਨਿੰਗ : ਕੋਮਲ ਮਿੱਤਲ
  • PublishedSeptember 26, 2023

ਡਿਪਟੀ ਕਮਿਸ਼ਨਰ ਵਲੋਂ ਮੁੜ ਵਸੇਬਾ ਕੇਂਦਰ ਅਤੇ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਦੌਰਾ

ਇਲਾਜ ਅਧੀਨ ਨੌਜਵਾਨਾਂ ਨਾਲ ਕੀਤੀ ਗੱਲਬਾਤ

ਹੁਸ਼ਿਆਰਪੁਰ, 26 ਸਤੰਬਰ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਫਤਹਿਗੜ੍ਹ ਵਿਖੇ ਸਥਿਤ ਮੁੜ ਵਸੇਬਾ ਕੇਂਦਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਮੁੜ ਵਸੇਬਾ ਕੇਂਦਰ ਵਿਚ ਦਾਖਲ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੁੜ ਵਸੇਬਾ ਕੇਂਦਰ ਵਿਚ ਦਾਖਲ ਨੌਜਵਾਨਾਂ ਨੂੰ ਜਲਦ ਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਫੂਡ ਪ੍ਰੋਡਕਸ਼ਨ ਅਤੇ ਸੈਲੂਨ ਦੀ ਕਿੱਤਾਮੁਖੀ ਟੇ੍ਰਨਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਸਿਹਤਯਾਬ ਹੋਣ ਤੋਂ ਬਾਅਦ ਆਪਣੇ ਕੰਮ-ਧੰਦੇ ਸ਼ੁਰੂ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ। ਇਸ ਦੌਰਾਨ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦੇ ਵੱਖ-ਵੱਖ ਵਾਰਡਾਂ ਦਾ ਮੁਆਇਨਾ ਵੀ ਕੀਤਾ ਅਤੇ ਸਾਫ਼-ਸਫਾਈ, ਦਵਾਈਆਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਕਰਕੇ ਇਸ ਨੂੰ ਰੰਗਲਾ ਅਤੇ ਹੱਸਦਾ-ਖੇਡਦਾ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਉਦੇਸ਼ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਹੈ।

ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਰੋਜ਼ਗਾਰ ਦਫ਼ਤਰ ਦੇ ਕਾਊਂਸਲਰ ਅਦਿਤਿਆ ਰਾਣਾ ਅਤੇ ਹੋਰ ਮੌਜੂਦ ਸਨ।

Written By
The Punjab Wire