ਸਿੱਖਿਆ ਪੰਜਾਬ ਮੁੱਖ ਖ਼ਬਰ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
  • PublishedSeptember 23, 2023

ਸਿੱਖਿਆ ਮੰਤਰੀ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਸਕੂਲੀ ਸਿੱਖਿਆ ਨੀਤੀ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ

• ਕਿਹਾ, ਮਾਨ ਸਰਕਾਰ ਦੇ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਵਿੱਚ ਆਈਆਂ ਵੱਡੀਆਂ ਤਬਦੀਲੀਆਂ

ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਜਲਦ ਹੀ ਫਿਨਲੈਂਡ ਵਿਖੇ ਸਿਖਲਾਈ ਪ੍ਰਾਪਤ ਕਰਨਗੇ

ਹੁਣ ਤੱਕ 200 ਪ੍ਰਿੰਸੀਪਲ ਅਤੇ 100 ਹੈੱਡਮਾਸਟਰਾਂ ਨੂੰ ਦਿੱਤੀ ਗਈ ਕੌਮਾਂਤਰੀ ਪੱਧਰ ਦੀ ਸਿਖਲਾਈ

ਸਰਕਾਰੀ ਸਕੂਲ ਦੇ ਨਤੀਜਿਆਂ ਅਤੇ ਦਾਖਲਿਆਂ ਵਿੱਚ ਸਕਾਰਾਤਮਕ ਵਾਧਾ ਦੇਖਣ ਨੂੰ ਮਿਲ ਰਿਹਾ

ਸਰਕਾਰੀ ਨੌਕਰੀਆਂ ਦੀਆਂ ਸੰਭਾਵਨਾਵਾਂ ਪੈਦਾ ਕਰਨ ਸਦਕਾ ਨੌਜਵਾਨਾਂ ਦੀ ਵਿਦੇਸ਼ਾਂ ਦੀ ਹਿਜ਼ਰਤ ‘ਤੇ ਲੱਗੀ ਰੋਕ

ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਰੜੇ ਹੱਥੀਂ ਲਿਆ

ਚੰਡੀਗੜ੍ਹ, 23 ਸਤੰਬਰ 2023 (ਦੀ ਪੰਜਾਬ ਵਾਇਰ)। ਸੂਬੇ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੈਗਸੀਪਾ, ਚੰਡੀਗੜ੍ਹ ਤੋਂ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਹੋਰ ਬੈਚਾਂ ਨੂੰ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਹੈ।

ਸੂਬੇ ਦੀ ਸਕੂਲ ਸਿੱਖਿਆ ਨੂੰ ਵਿਸ਼ਵ ਪੱਧਰੀ ਬਨਾਉਣ ਵਾਲੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਸਮਰਪਣ ਭਾਵਨਾ ਦਾ ਜ਼ਿਕਰ ਕਰਦਿਆਂ ਸ.ਬੈਂਸ ਨੇ ਕਿਹਾ ਕਿ ਸਿੱਖਿਆ ਸਬੰਧੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਬਹੁਤ ਅਹਿਮ ਭੂਮਿਕਾ ਹੈ । ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਹੈਡਮਾਸਟਰਾਂ/ਪ੍ਰਿੰਸੀਪਲ ਦੀਆਂ ਪੇਸ਼ੇਵਰ ਸਮਰੱਥਾਵਾਂ ਨੂੰ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਅਧਿਆਪਕਾਂ ਅਤੇ ਹੈਡਮਾਸਟਰਾਂ/ਪ੍ਰਿੰਸੀਪਲ ਨੂੰ ਮੌਜੂਦਾ ਸਮਿਆਂ ਦੀ ਉਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿਖਲਾਈ ਦੁਆਈ ਜਾ ਰਹੀ ਹੈ ਤਾਂ ਜ਼ੋ ਇਨ੍ਹਾਂ ਬੈਸਟ ਪ੍ਰਐਕਟਇਸਜ ਨੂੰ ਸੂਬੇ ਦੇ ਸਕੂਲਾਂ ਵਿਚ ਲਾਗੂ ਕੀਤਾ ਜਾ ਸਕੇ।

ਸ. ਬੈਂਸ ਨੇ ਦੱਸਿਆ ਕਿ ਫ਼ਰਵਰੀ 2023 ਤੋਂ ਹੁਣ ਤੱਕ ਸੂਬਾ ਸਰਕਾਰ ਵੱਲੋਂ 30 ਅਤੇ 36 ਪ੍ਰਿੰਸੀਪਲਾਂ ਵਾਲੇ ਚਾਰ ਬੈਚਾਂ ਨੂੰ ਸਫ਼ਲਤਾਪੂਰਵਕ ਸਿਖਲਾਈ ਦਿੱਤੀ ਗਈ ਹੈ। ਇਹ ਸਿਖਲਾਈ ਪ੍ਰੋਗਰਾਮ ਪੀ.ਏ.ਆਈ., ਸਿੰਗਾਪੁਰ ਅਤੇ ਐਨ.ਆਈ.ਈ.ਆਈ., ਸਿੰਗਾਪੁਰ ਵਰਗੀਆਂ ਵਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ।

ਇਸ ਸਿਖਲਾਈ ਦਾ ਪਾਠਕ੍ਰਮ ਸਮਕਾਲੀ ਪ੍ਰਬੰਧਕੀ ਅਤੇ ਵਿਦਿਅਕ ਹੁਨਰਾਂ ‘ਤੇ ਕੇਂਦ੍ਰਿਤ ਹੈ, ਜਿਸ ਵਿੱਚ ਨਵੀਨਤਾਕਾਰੀ ਅਧਿਆਪਨ ਵਿਧੀਆਂ, ਮਾਹਰ ਵੱਲੋਂ ਦਿੱਤੀ ਜਾਂਦੀ ਸਲਾਹ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਸਿਖਲਾਈ ਲਈ ਭੇਜੇ ਜਾ ਰਹੇ ਨਵੇਂ ਬੈਚਾਂ ਨਾਲ, ਇਹ ਗਿਣਤੀ ਵਧ ਕੇ 200 ਸਕੂਲ ਪ੍ਰਿੰਸੀਪਲ ਅਤੇ 100 ਹੈੱਡਮਾਸਟਰਾਂ ਤੱਕ ਪਹੁੰਚ ਗਈ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, 140 ਪ੍ਰਿੰਸੀਪਲ ਸਿੰਗਾਪੁਰ ਵਿੱਚ ਵਿਦੇਸ਼ੀ ਸਿਖਲਾਈ ਪ੍ਰੋਗਰਾਮਾਂ ਤੋਂ ਲਾਭ ਉਠਾ ਚੁੱਕੇ ਹਨ, ਜਦੋਂ ਕਿ 100 ਹੈੱਡਮਾਸਟਰਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ.ਆਈ.ਐਮ.) ਅਹਿਮਦਾਬਾਦ ਵਿੱਚ ਸਿਖਲਾਈ ਹਾਸਲ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਅਧਿਆਪਕ ਆਪਣੀਆਂ ਸਿੱਖਿਆ ਸੰਸਥਾਵਾਂ ਨੂੰ ਨਵੀਆਂ ਸਿਖਰਾਂ ‘ਤੇ ਲੈ ਜਾਣ ਅਤੇ ਵਿਦਿਆਰਥੀਆਂ ਲਈ ਵਧੇਰੇ ਅਨੁਕੂਲ ਸਿੱਖਣ ਮਾਹੌਲ ਪ੍ਰਦਾਨ ਕਰਨ ਲਈ ਬਿਹਤਰ ਢੰਗ ਨਾਲ ਤਿਆਰ ਕੀਤੇ ਗਏ ਹਨ।

ਸਿੱਖਿਆ ਮੰਤਰੀ ਨੇ ਮੌਜੂਦਾ ਸਿਖਲਾਈ ਬੈਚਾਂ, ਜੋ ਕਿ ਨਿਰੋਲ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਆਨਲਾਈਨ ਪੋਰਟਲ ਰਾਹੀਂ ਚੁਣੇ ਗਏ 60 ਪ੍ਰਿੰਸੀਪਲਾਂ ਦਾ 5ਵਾਂ ਅਤੇ 6ਵਾਂ ਗਰੁੱਪ ਹੈ, ਦੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿੱਖਿਅਕ ਐਨ.ਆਈ.ਈ.ਆਈ. ਸਿੰਗਾਪੁਰ ਵਿਖੇ ਪ੍ਰਭਾਵਸ਼ਾਲੀ ਲੀਡਰਸ਼ਿਪ ਹੁਨਰਾਂ, ਸਕੂਲਾਂ ਦੇ ਵਿਕਾਸ ਅਤੇ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਕਮਿਊਨਿਟੀ ਦੀ ਸ਼ਮੂਲੀਅਤ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨਗੇ।

ਸ. ਬੈਂਸ ਨੇ ਇਹਨਾਂ ਸਿਖਲਾਈ ਪ੍ਰੋਗਰਾਮਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਵੀ ਉਜਾਗਰ ਕਰਦਿਆਂ ਕਿਹਾ ਕਿ ਇਹਨਾਂ ਭਾਗੀਦਾਰਾਂ ਦੇ ਫੀਡਬੈਕ ਅਤੇ ਫਾਲੋਅਪ ਤੋਂ ਪਤਾ ਲੱਗਦਾ ਹੈ ਕਿ ਸਿਖਲਾਈ ਲੈਣ ਉਪਰੰਤ ਉਹ ਕਾਫ਼ੀ ਸਕਾਰਾਤਮਕ ਮਹਿਸੂਸ ਕਰ ਰਹੇ ਹਨ ਅਤੇ ਆਪਣੇ ਸਕੂਲਾਂ ਵਿੱਚ ਵਧੀਆ ਅਭਿਆਸਾਂ ਨੂੰ ਲਾਗੂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਮੁੱਚੇ ਅਧਿਆਪਕ ਭਾਈਚਾਰੇ ਅਤੇ ਵੱਖ-ਵੱਖ ਭਾਈਵਾਲਾਂ ਨੇ ਪੰਜਾਬ ਰਾਜ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।

ਸ. ਹਰਜੋਤ ਸਿੰਘ ਬੈਂਸ ਨੇ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦੁਆਉਣ ਜਾ ਰਹੀਂ ਹੈ। ਇਸ ਉਪਰਾਲੇ ਤਹਿਤ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਨੂੰ ਵੀ ਜਲਦ ਹੀ ਫਿਨਲੈਂਡ ਵਿਖੇ ਟ੍ਰੇਨਿੰਗ ਹਾਸਲ ਕਰਨ ਲਈ ਭੇਜਿਆ ਜਾਵੇਗਾ। ਫਿਨਲੈਂਡ ਬਿਹਤਰੀਨ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਲਈ ਪ੍ਰਸਿੱਧ ਹੈ।

ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ. ਬੈਂਸ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮੁੜ ਲੀਹ ’ਤੇ ਲਿਆਉਣ ਵਾਲੀਆਂ ਮਹੱਤਵਪੂਰਨ ਕਾਰਵਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਸਿੱਖਿਆ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ, ਜਿਸ ਨਾਲ ਵਧੀਆ ਅਕਾਦਮਿਕ ਨਤੀਜੇ ਆਏ ਹਨ ਅਤੇ ਸਕੂਲਾਂ ਵਿੱਚ ਦਾਖਲਿਆਂ ‘ਚ ਵਾਧਾ ਹੋਇਆ ਹੈ।

ਉਨ੍ਹਾਂ ਰੋਜ਼ਗਾਰ ਦੀ ਭਾਲ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ੀ ਪ੍ਰਵਾਸ ਨੂੰ ਰੋਕਣ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਵੱਡੇ ਪੱਧਰ ਕੀਤੀ ਗਈ ਸਰਕਾਰੀ ਨੌਕਰੀਆਂ ਵਿਚ ਭਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਅੰਦਰ ਨੌਕਰੀਆਂ ਦੀਆਂ ਸੰਭਾਵਨਾਵਾਂ ਪੈਦਾ ਕਰਕੇ ਸਰਕਾਰ ਨਾ ਸਿਰਫ਼ ਆਪਣੇ ਹੁਨਰਮੰਦ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਹਿਜ਼ਰਤ ਕਰਨ ਤੋਂ ਰੋਕ ਰਹੀ ਹੈ ਸਗੋਂ ਪੰਜਾਬ ਦੇ ਸਮੁੱਚੇ ਵਿਕਾਸ ਵਿੱਚ ਵੀ ਯੋਗਦਾਨ ਪਾ ਰਹੀ ਹੈ।

ਵਿਰੋਧੀ ਨੇਤਾਵਾਂ ਨੂੰ ਕਰੜੇ ਹੱਥੀਂ ਲਿਆ

ਸੁਖਬੀਰ ਬਾਦਲ, ਹਰਸਿਮਰਤ ਬਾਦਲ, ਮਜੀਠੀਆ,ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਜੇ ਸਿੱਖਿਆ ਦੇ ਸੁਧਾਰ ਲਈ ਕੁਝ ਕੀਤਾ ਨਹੀਂ ਤੇ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲ ਦੇ ਕੀਤੇ ਜਾ ਰਹੇ ਕਾਇਆਕਲਪ ਬਾਰੇ ਟਵੀਟ ਕਰਕੇ ਸੂਬਾ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਕਤ ਲੀਡਰਾਂ ਜੇਕਰ ਸੱਚ ਮੁੱਚ ਹੀ ਪੰਜਾਬ ਦੀ ਸਰਕਾਰੀ ਸਕੂਲਾਂ ਦੀ ਦਿਸ਼ਾ ਸੁਧਾਰਨ ਲਈ ਯਤਨਸ਼ੀਲ ਸਨ ਤਾਂ ਭਗਵੰਤ ਸਿੰਘ ਮਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਦਾ ਆਪਣਾ ਕੋਈ ਸਿੱਖਿਆ ਦੇ ਸੁਧਾਰ ਸਬੰਧੀ ਟਵੀਟ ਦਿਖਾ ਦੇਣ।
ਉਨ੍ਹਾਂ ਕਿਹਾ ਇਹ ਪਾਰਟੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸੱਤਾ ਵਿਚ ਰਹੀਆਂ ਹਨ ਪਰ ਅੱਜ ਵੀ ਸੂਬੇ ਦੇ ਅਨੇਕਾਂ ਚਾਰਦੀਵਾਰੀ ਤੋਂ ਸੱਖਣੇ ਹਨ ਜਦਕਿ ਇਹ ਆਗੂ ਸਕੂਲ ਆਫ਼ ਐਮੀਨੈਸ ਸਬੰਧੀ ਕੂੜ ਪ੍ਰਚਾਰ ਕਰ ਰਹੇ ਹਨ ਕਿ ਇਹ ਸਕੂਲ ਤਾਂ ਸਾਡੀ ਸਰਕਾਰ ਸਮੇਂ ਬਣੇ ਸਨ ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ ਗੇੜ ਵਿੱਚ 117 ਸਕੂਲ ਬਨਾਉਣ ਦਾ ਟੀਚਾ ਰੱਖਿਆ ਸੀ ਜਿਸ ਵਿਚੋਂ ਪਹਿਲਾ ਸਕੂਲ ਆਫ਼ ਐਮੀਨੈਸ ਅੰਮ੍ਰਿਤਸਰ ਵਿੱਚ ਆਰੰਭ ਹੋ ਗਿਆ ਹੈ ਅਤੇ ਜਲਦ ਹੀ ਬਾਰੇ 116 ਸਕੂਲ ਵੀ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ।
ਉਨ੍ਹਾਂ ਸੁਖਬੀਰ ਬਾਦਲ, ਹਰਸਿਮਰਤ ਬਾਦਲ, ਮਜੀਠੀਆ,ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸਕੂਲ ਨੂੰ ਉਹ ਵੀ ਸਕੂਲ ਆਫ਼ ਐਮੀਨੈਸ ਬਨਵਾਉਣ ਚਾਹੁੰਦੇ ਹਨ ਤਾਂ ਉਹ ਸਕੂਲ ਸਬੰਧੀ ਲਿਸਟ ਮੈਨੂੰ ਸੌਂਪ ਦੇਣ ਤਾਂ ਸਾਡੀ ਸਰਕਾਰ ਉਨ੍ਹਾਂ ਸਕੂਲ਼ਾਂ ਨੂੰ ਵੀ ਸਕੂਲ ਆਫ਼ ਐਮੀਨੈਸ ਵਜੋਂ ਵਿਕਸਤ ਕਰ ਦੇਵੇਗੀ।

Written By
The Punjab Wire