ਦੂਰਸੰਚਾਰ ਵਿਵਾਦ ਨਿਪਟਾਰਾ ਅਤੇ ਅਪੀਲੀ ਟ੍ਰਿਬਿਊਨਲ ਅੰਮ੍ਰਿਤਸਰ ਵਿਖੇ “ਟੈਲੀਕਾਮ, ਪ੍ਰਸਾਰਣ ਅਤੇ ਸਾਈਬਰ ਸੈਕਟਰਾਂ ਵਿੱਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਅਤੇ ਵਿਵਾਦ ਹੱਲ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕਰੇਗਾ
ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਮਾਨਯੋਗ ਜਸਟਿਸ ਸੂਰਯਾ ਕਾਂਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਸੈਮੀਨਾਰ ਵਿੱਚ ਮਾਨਯੋਗ ਜੱਜ, ਵਕੀਲ, ਸਰਕਾਰੀ ਅਧਿਕਾਰੀ, ਟੈਲੀਕਾਮ, ਪ੍ਰਸਾਰਣ ਅਤੇ ਆਈ.ਟੀ. ਸੈਕਟਰਾਂ ਦੇ ਨੁਮਾਇੰਦੇ ਹਿੱਸਾ ਲੈਣਗੇ
ਅੰਮ੍ਰਿਤਸਰ 21 ਸਤੰਬਰ, 2023 (ਦੀ ਪੰਜਾਬ ਵਾਇਰ)। ਦੂਰਸੰਚਾਰ ਵਿਵਾਦ ਨਿਪਟਾਰਾ ਅਤੇ ਅਪੀਲੀ ਟ੍ਰਿਬਿਊਨਲ ਵਲੋਂ ਸ਼ਹਿਰ ਵਿੱਚ 23 ਸਤੰਬਰ, 2023 ਨੂੰ “ਟੈਲੀਕਾਮ, ਪ੍ਰਸਾਰਣ ਅਤੇ ਸਾਈਬਰ ਸੈਕਟਰਾਂ ਵਿੱਚ ਖਪਤਕਾਰ ਸ਼ਿਕਾਇਤਾਂ ਅਤੇ ਵਿਵਾਦ ਹੱਲ” ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਮਾਨਯੋਗ ਜਸਟਿਸ ਸੂਰਯਾ ਕਾਂਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਅਰੁਣ ਪੱਲੀ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸ਼੍ਰੀ ਵਿਨੋਦ ਘਈ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣਗੇ। ਇੰਨਾ ਪਤਵੰਤਿਆਂ ਦੇ ਸੰਬੋਧਨ ਤੋਂ ਪਹਿਲਾਂ, ਟੀਡੀਸੈਟ ਦੇ ਚੇਅਰਪਰਸਨ ਮਾਨਯੋਗ ਜਸਟਿਸ ਡੀ.ਐੱਨ. ਪਟੇਲ ਸਵਾਗਤੀ ਭਾਸ਼ਣ ਦੇਣਗੇ।
ਸੈਮੀਨਾਰ ਦੇ ਬਿਜ਼ਨਸ ਸੈਸ਼ਨ ਵਿੱਚ ਪੈਨਲ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਹਾਜ਼ਰੀਨ ਨਾਲ ਗੱਲਬਾਤ ਹੋਵੇਗੀ। ਇਸ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਸ਼੍ਰੀ ਅਮਨ ਪਾਲ, ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਕੁਮਾਰ ਸੈਣੀ, ਐਡਵੋਕੇਟਸ ਸ਼੍ਰੀ ਤੇਜਵੀਰ ਸਿੰਘ ਭਾਟੀਆ, ਮਿਸ ਪਾਇਲ ਕਾਕੜਾ, ਸ਼੍ਰੀ ਕੁਨਾਲ ਟੰਡਨ, ਸ਼੍ਰੀ ਵਿਭਵ ਸ਼੍ਰੀਵਾਸਤਵ ਅਤੇ ਸ਼੍ਰੀ ਹਿਮਾਂਸ਼ੂ ਧਵਨ ਵਲੋਂ “ਟੀਡੀਸੈਟ ਦੇ ਵਿਕਾਸ”, “ਸੇਵਾ ਦੀ ਗੁਣਵੱਤਾ ਅਤੇ ਖਪਤਕਾਰ ਹਿੱਤਾਂ ਦਾ ਮਿਆਰ”, “ਭਾਰਤ ਵਿੱਚ ਡੇਟਾ ਸੁਰੱਖਿਆ ਕਾਨੂੰਨਾਂ ਦੀਆਂ ਹਾਈਲਾਈਟਸ”, “ਆਈ.ਟੀ. ਐਕਟ ਅਧੀਨ ਵਿਵਾਦ ਦਾ ਹੱਲ” ਅਤੇ “ਡਿਕੋਡਿੰਗ ਦ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ, 2023” ਨਾਲ ਸੰਬੰਧਿਤ ਵਿਸ਼ਿਆਂ ‘ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ/ਚਰਚਾ ਕੀਤੀ ਜਾਵੇਗੀ।
ਸੈਮੀਨਾਰ ਵਿੱਚ ਮਾਣਯੋਗ ਜੱਜ ਸਾਹਿਬਾਨ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਹੋਣਗੇ, ਜਿਨ੍ਹਾਂ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ, ਸਾਈਬਰ ਅਥਾਰਟੀਆਂ ਅਤੇ ਰਾਜ ਦੇ ਕਾਨੂੰਨੀ ਭਾਈਚਾਰਿਆਂ ਦੇ ਨੁਮਾਇੰਦੇ ਅਤੇ ਹੋਰਨਾ ਅਧਿਕਾਰੀਆਂ ਤੋਂ ਇਲਾਵਾ ਸਰੋਤ ਵਿਅਕਤੀਆਂ, ਹਿੱਸੇਦਾਰਾਂ ਅਤੇ ਸਬੰਧਤ ਖੇਤਰਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਉੱਘੇ ਵਕੀਲ ਵੀ ਸ਼ਾਮਲ ਹਨ। ਸੈਮੀਨਾਰ ਵਿੱਚ ਇੱਕ ਉਦਘਾਟਨੀ ਸੈਸ਼ਨ ਸ਼ਾਮਲ ਹੋਵੇਗਾ, ਜਿਸ ਤੋਂ ਬਾਅਦ ਇੱਕ ਵਪਾਰਕ ਸੈਸ਼ਨ ਹੋਵੇਗਾ, ਜੋ ਸਵੇਰੇ 10.00 ਵਜੇ ਸ਼ੁਰੂ ਹੋਵੇਗਾ। ਇਹ ਸੈਮੀਨਾਰ ਵਿਸ਼ਾ ਮਾਹਿਰਾਂ ਦਰਮਿਆਨ ਵੱਖ-ਵੱਖ ਪ੍ਰਸੰਗਿਕ ਅਤੇ ਉੱਭਰ ਰਹੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ‘ਤੇ ਕੇਂਦਰਿਤ ਹੈ।