ਪੰਜਾਬ ਮੁੱਖ ਖ਼ਬਰ

ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿਖੇ ਉੱਦਮੀਆਂ ਨੂੰ 24 ਘੰਟੇ ਸਹੂਲਤ ਦੇਣ ਲਈ ਹੈਲਪਡੈਸਕ ਸਥਾਪਤ : ਮੀਤ ਹੇਅਰ

ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿਖੇ ਉੱਦਮੀਆਂ ਨੂੰ 24 ਘੰਟੇ ਸਹੂਲਤ ਦੇਣ ਲਈ ਹੈਲਪਡੈਸਕ ਸਥਾਪਤ : ਮੀਤ ਹੇਅਰ
  • PublishedSeptember 17, 2023

ਉਦਯੋਗਾਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਬਾਰੇ ਸੇਧ ਦੇਣ ਵਿੱਚ ਮਦਦ ਕਰੇਗਾ ਹੈਲਪਡੈਸਕ

ਚੰਡੀਗੜ੍ਹ, 17 ਸਤੰਬਰ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਦਯੋਗਾਂ ਲਈ ਸੁਖਾਵਾਂ ਮਾਹੌਲ ਬਣਾਉਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਮੁੱਖ ਦਫ਼ਤਰ ਵਿਖੇ ਇੱਕ ਹੈਲਪ ਡੈਸਕ ਸਥਾਪਤ ਕੀਤਾ ਹੈ, ਜੋ ਉੱਦਮੀਆਂ ਦੀ ਸਹੂਲਤ ਲਈ 24 ਘੰਟੇ ਕੰਮ ਕਰੇਗਾ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਤਾਵਰਨ ਅਤੇ ਵਿਗਿਆਨ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਹ ਹੈਲਪਡੈਸਕ ਉਦਯੋਗਾਂ ਨੂੰ ਪ੍ਰਦੂਸ਼ਨ ’ਤੇ ਕਾਬੂ ਪਾਉਣ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਬਾਰੇ ਸੇਧ ਦੇਵੇਗਾ। ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ, ਪਟਿਆਲਾ ਵਿਖੇ ਹੈਲਪਡੈਸਕ ’ਤੇ  ਸਹਾਇਕ ਵਾਤਾਵਰਣ ਇੰਜੀਨੀਅਰ (ਏਈਈ)  ਰੈਂਕ ਦੇ ਘੱਟੋ -ਘੱਟ ਦੋ ਅਧਿਕਾਰੀ ਉਪਲੱਬਧ ਰਹਿਣਗੇ। ਬੋਰਡ ਨੇ ਉੱਦਮੀਆਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 99144-98899 ਵੀ ਸ਼ੁਰੂ ਕੀਤਾ ਹੈ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਆਮ ਲੋਕਾਂ ਤੋਂ ਸੁਝਾਅ ਮੰਗੇ ਸਨ ਅਤੇ ਪ੍ਰਾਪਤ ਹੋਏ ਸੁਝਾਵਾਂ ’ਤੇ ਵਿਚਾਰ ਕਰਦਿਆਂ ਬੋਰਡ ਵੱਲੋਂ ਵਾਤਾਵਰਨ ਭਵਨ, ਨਾਭਾ ਰੋਡ, ਪਟਿਆਲਾ ਵਿਖੇ ਇੱਕ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ , ਜੋ ਸੂਬੇ ਦੇ ਉੱਦਮੀਆਂ ਨੂੰ ਪ੍ਰਦੂਸ਼ਨ ’ਤੇ ਕਾਬੂ ਪਾਉਣ ਅਤੇ ਰੈਗੂਲੇਟਰੀ ਕਲੀਅਰੈਂਸਾਂ ਪ੍ਰਤੀ ਬਣਦੀਆਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ  ਤੋਂ ਜਾਣੂ ਕਰਵਾਉਣ ਲਈ 24 ਘੰਟੇ ਕੰਮ ਕਰੇਗਾ। 

ਵਾਤਾਵਰਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸੂਬਾ ਸਰਕਾਰ ਨੇ ਸਨਅੱਤਕਾਰਾਂ ਨਾਲ ਸਿੱਧੀ ਗੱਲਬਾਤ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ‘ਸਰਕਾਰ ਸਨਅੱਤਕਾਰ ਮਿਲਣੀ’ ਕਰਵਾਈ ਹੈ ਤਾਂ ਜੋ ਉਨ੍ਹਾਂ ਦੀਆਂ ਲੋੜਾਂ ਨੂੰ ਸਮਝ ਕੇ ,ਉਸ ਅਨੁਸਾਰ ਕੰਮ ਕੀਤਾ ਜਾ ਸਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵੱਖ-ਵੱਖ ਚਾਰ ਸ਼ਹਿਰਾਂ ਵਿੱਚ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ।

Written By
The Punjab Wire