ਪੰਜਾਬ ਮੁੱਖ ਖ਼ਬਰ

ਪੰਜਾਬੀ ਖਾਣਿਆਂ, ਪਹਿਰਾਵਿਆਂ ਅਤੇ ਲੋਕ ਨਾਚਾਂ ਪ੍ਰਤੀ ਵਿਸ਼ੇਸ਼ ਲਗਾਅ ਦਿਖਾਇਆ ਦੂਸਰੇ ਰਾਜਾਂ ਤੋਂ ਆਏ ਮਹਿਮਾਨਾਂ ਨੇ

ਪੰਜਾਬੀ ਖਾਣਿਆਂ, ਪਹਿਰਾਵਿਆਂ ਅਤੇ ਲੋਕ ਨਾਚਾਂ ਪ੍ਰਤੀ ਵਿਸ਼ੇਸ਼ ਲਗਾਅ ਦਿਖਾਇਆ ਦੂਸਰੇ ਰਾਜਾਂ ਤੋਂ ਆਏ ਮਹਿਮਾਨਾਂ ਨੇ
  • PublishedSeptember 12, 2023

ਸਾਹਿਬਜਾਦਾ ਅਜੀਤ ਸਿੰਘ ਨਗਰ, 12 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਏ ਗਏ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਵਿੱਚ ਦੂਸਰੇ ਰਾਜਾਂ ਤੋਂ ਆਏ ਮਹਿਮਾਨਾਂ ਨੇ ਪੰਜਾਬੀ ਖਾਣਿਆਂ, ਪਹਿਰਾਵਿਆਂ ਅਤੇ ਲੋਕ ਨਾਚਾਂ ਪ੍ਰਤੀ ਵਿਸ਼ੇਸ਼ ਲਗਾਅ ਦਿਖਾਇਆ।

ਇਸ ਪ੍ਰੋਗਰਾਮ ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਨਿਵੇਸ਼ਕਾਂ, ਨੁਮਾਇੰਦਿਆਂ ਅਤੇ ਸੈਰ-ਸਪਾਟਾ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਟਰੈਵਲ ਮਾਰਟ ਵਿੱਚ ਸਥਿਤ ਪੰਜਾਬੀ ਖਾਣਿਆਂ ਦੀਆਂ ਸਟਾਲਾਂ ਉੱਥੇ ਪੰਜਾਬੀ ਜਾਇਕੇ ਦਾ ਭਰਪੂਰ ਮਜਾ ਲਿਆ। ਮਹਾਰਾਸ਼ਟਰ ਦੇ ਈਕੋ-ਟੂਰਿਜ਼ਮ ਨਾਲ ਜੁੜੇ ਸੰਦੀਪ ਪਾਂਡੂਰੰਗਾ ਨੇ ਕਿਹਾ ਕਿ ਉਹਨਾਂ ਨੇ ਬਹੁਤ ਥਾਵਾਂ ਤੇ ਸਾਗ ਤੇ ਮੱਕੀ ਦੀ ਰੋਟੀ ਦਾ ਸੁਆਦ ਦੇਖਿਆ ਹੈ। ਪਰ ਅੱਜ ਸਾਨੂੰ ਇਸ ਟਰੈਵਲ ਮਾਰਟ ਵਿੱਚ ਸਾਗ ਤੇ ਮੱਕੀ ਦੀ ਰੋਟੀ ਸੁਆਦ ਮਿਲਿਆ ਹੈ, ਉਸ ਵਰਗਾ ਸੁਆਦ ਉਹਨਾਂ ਪਹਿਲਾਂ ਕਦੇ ਨਹੀਂ ਸੀ ਚਖਿਆ।

ਇਸੇ ਤਰ੍ਹਾਂ ਗੋਆ ਤੋਂ ਆਏ ਹੋਏ ਕੈਲਨੀਕ ਡਿਸੂਜਾ ਨੇ ਦੱਸਿਆ ਕਿ ਉਹਨਾਂ ਇਸ ਟਰੈਵਲ ਮਾਰਟ ਵਿੱਚ ਆਪਣੇ ਪਰਿਵਾਰ ਲਈ ਪੰਜਾਬੀ ਜੁੱਤੀਆਂ ਅਤੇ ਪੰਜਾਬੀ ਸੂਟ ਖਰੀਦੇ ਹਨ ਜੋ ਕਿ ਉਹਨਾਂ ਨੂੰ ਬਹੁਤ ਹੀ ਘੱਟ ਕੀਮਤ ਤੇ ਵਧੀਆ ਕੁਆਲਟੀ ਦੇ ਮਿਲੇ ਹਨ। ਉਹਨਾਂ ਦੱਸਿਆ ਕਿ ਗੋਆ ਵਿੱਚ ਪਾਣੀ ਆਧਾਰਤ ਖੇਡਾਂ ਰਾਹੀਂ ਵੱਡੇ ਪੱਧਰ ‘ਤੇ ਲੋਕਾਂ ਨੂੰ ਰੋਜਗਾਰ ਦੇ ਮਿਲੇ ਹਨ ਅਤੇ ਪੰਜਾਬ ਵਿੱਚ ਵੀ ਵੱਡੀਆਂ ਜਲਗਾਹਾਂ ਹੋਣ ਸਦਕੇ ਲੋਕਾਂ ਨੂੰ ਇਸ ਖੇਤਰ ਵਿੱਚ ਬਹੁਤ ਰੋਜਗਾਰ ਮਿਲ ਸਕਦਾ ਹੈ।

ਸਮਿਟ ਦੌਰਾਨ ਪੰਜਾਬ ਦੇ ਲੋਕ ਨਾਚਾਂ ਅਤੇ ਲੋਕ ਪਹਿਰਾਵਿਆਂ ਪ੍ਰਤੀ ਵੀ ਦੂਸਰੇ ਰਾਜਾਂ ਤੋਂ ਆਏ ਹੋਏ ਇਹਨਾਂ ਮਹਿਮਾਨਾਂ ਨੇ ਵਿਸ਼ੇਸ਼ ਲਗਾਅ ਦਿਖਾਇਆ। ਸਮਿੱਟ ਦੇ ਦੂਸਰੇ ਦਿਨ ਅੱਜ ਵੱਡੇ ਪੱਧਰ ‘ਤੇ ਦੂਸਰੇ ਰਾਜਾਂ ਤੋਂ ਆਏ ਹੋਏ ਰਿਵਾਇਤੀ ਤੁਰਲੇ ਵਾਲੀ ਪੱਗ ਬੰਨੀ ਨਜ਼ਰ ਆ ਰਹੇ ਸਨ। ਟਰੈਵਲ ਮਾਰਟ ਵਿੱਚ ਭੰਗੜੇ ਦੀ ਪੇਸ਼ਕਾਰੀ ਦੇ ਰਹੇ ਜੁਗਨੀ ਮਿਊਜਿਕਲ ਗਰੁੱਪ ਦੇ ਆਯੋਜਕ ਦਵਿੰਦਰ ਸਿੰਘ ਜੁਗਨੀ ਨੇ ਦੱਸਿਆ ਕਿ ਅੱਜ ਉਹ ਤਕਰੀਬਨ 200 ਦੇ ਕਰੀਬ ਲੋਕਾਂ ਦੇ ਰਿਵਾਇਤੀ ਪੱਗਾਂ ਬੰਨ੍ਹ ਚੁੱਕੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਪੱਗਾਂ ਦੀ ਘਾਟ ਕਾਰਨ ਨਿਰਾਸ਼ ਵੀ ਹੋਣਾ ਪਿਆ। ਉਹਨਾਂ ਦੱਸਿਆ ਕਿ ਅੱਜ ਉਹਨਾਂ ਨੇ ਕਰੀਬ 100 ਨਵੀਆਂ ਪੱਗਾਂ ਖਰੀਦ ਕੇ ਮਹਿਮਾਨਾਂ ਦੇ ਬੰਨ੍ਹੀਆਂ ਹਨ।

Written By
The Punjab Wire