ਪੰਜਾਬ ਮੁੱਖ ਖ਼ਬਰ

ਪੰਜਾਬ ਵੱਲੋਂ 11 ਤੋਂ 13 ਸਤੰਬਰ ਤੱਕ ਹੋਣ ਵਾਲੇ ‘ਸੈਰ-ਸਪਾਟਾ ਸੰਮੇਲਨ’ ਦੀ ਮੇਜ਼ਬਾਨੀ ਲਈ ਪੁਖਤਾ ਤਿਆਰੀਆਂ-ਮੁੱਖ ਮੰਤਰੀ

ਪੰਜਾਬ ਵੱਲੋਂ 11 ਤੋਂ 13 ਸਤੰਬਰ ਤੱਕ ਹੋਣ ਵਾਲੇ ‘ਸੈਰ-ਸਪਾਟਾ ਸੰਮੇਲਨ’ ਦੀ ਮੇਜ਼ਬਾਨੀ ਲਈ ਪੁਖਤਾ ਤਿਆਰੀਆਂ-ਮੁੱਖ ਮੰਤਰੀ
  • PublishedSeptember 10, 2023

ਦੁਨੀਆ ਅੱਗੇ ਪੰਜਾਬੀਆਂ ਦੀ ਬਹਾਦਰੀ, ਕੁਰਬਾਨੀ, ਇਨਕਲਾਬੀ ਸੋਚ, ਮਿਹਨਤੀ ਸੁਭਾਅ ਅਤੇ ਮੇਜ਼ਬਾਨੀ ਦੀ ਅਦੁੱਤੀ ਭਾਵਨਾ ਦਾ ਪ੍ਰਗਟਾਵਾ ਕਰੇਗਾ ਤਿੰਨ ਰੋਜ਼ਾ ਸੰਮੇਲਨ

ਚੰਡੀਗੜ੍ਹ, 10 ਸਤੰਬਰ2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਤੋਂ 13 ਸਤੰਬਰ ਤੱਕ ਕਰਵਾਇਆ ਜਾ ਰਿਹਾ ਟੂਰਿਜ਼ਮ ਸਮਿਟ (ਸੈਰ-ਸਪਾਟਾ ਸੰਮੇਲਨ) ਦੁਨੀਆ ਅੱਗੇ ਪੰਜਾਬੀਆਂ ਦੀ ਸੂਰਬੀਰਤਾ, ਕੁਰਬਾਨੀ, ਇਨਕਲਾਬੀ ਸੋਚ, ਮਿਹਨਤੀ ਸੁਭਾਅ ਅਤੇ ਮੇਜ਼ਬਾਨੀ ਦੇ ਅਦੁੱਤੀ ਜਜ਼ਬੇ ਦਾ ਪ੍ਰਗਟਾਵਾ ਕਰੇਗਾ।

ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਅਮਿਟੀ ਯੂਨੀਵਰਸਿਟੀ ਵਿੱਚ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਕਵੀਆਂ ਦਾ ਆਸ਼ੀਰਵਾਦ ਹਾਸਲ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼, ਹਰੀ ਕ੍ਰਾਂਤੀ ਵਰਗੇ ਵੱਡੇ ਅੰਦੋਲਨਾਂ ਦੀ ਅਗਵਾਈ ਪੰਜਾਬ ਨੇ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੂੰ ਭੂਗੋਲਿਕ ਸੁੰਦਰਤਾ ਦੀ ਬਖਸ਼ ਪ੍ਰਾਪਤ ਹੈ ਜੋ ਇਸ ਪਾਵਨ ਧਰਤੀ ਉਤੇ ਆਉਣ ਵਾਲੇ ਹਰੇਕ ਵਿਅਕਤੀ ਦੀਆਂ ਅੱਖਾਂ ਨੂੰ ਮੋਹ ਲੈਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਇਨ੍ਹਾਂ ਵਿਲੱਖਣ ਖੂਬੀਆਂ ਨੂੰ ਦਰਸਾਉਣ ਲਈ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਸਮਿਟ ਕਰਵਾਇਆ ਜਾ ਰਿਹਾ ਹੈ ਜਦਕਿ ਪਿਛਲੀਆਂ ਸਰਕਾਰਾਂ ਇਸ ਨੂੰ ਅਣਗੌਲਿਆਂ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਬੁਲੰਦੀਆਂ ਉਤੇ ਲਿਜਾਣ ਲਈ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਸੈਰ-ਸਪਾਟੇ ਨਾਲ ਸਬੰਧਤ ਛੇ ਸੈਸ਼ਨ ਕਰਵਾਏ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੈਸ਼ਨਾਂ ਦੌਰਾਨ ਸੈਰ-ਸਪਾਟੇ ਵਜੋਂ ਅੰਮ੍ਰਿਤਸਰ ਦਾ ਸਥਾਨ (ਅੰਮ੍ਰਿਤਸਰ ਇਨ ਟੂਰਿਜ਼ਮ ਡੈਸਟੀਨੇਸ਼ਨ), ਹੈਰੀਟੇਜ ਟੂਰਿਜ਼ਮ, ਈਕੋ ਐਂਡ ਫਾਰਮ/ਹੋਮ ਸਟੇਅ ਟੂਰਿਜ਼ਮ, ਫੂਡ ਐਂਡ ਕਲਿਨਰੀ ਟੂਰਿਜ਼ਮ, ਵੈੱਲਨੈੱਸ ਟੂਰਿਜ਼ਮ ਅਤੇ ਮੀਡੀਆ/ਇੰਟਰਟੇਨਮੈਂਟ ਟੂਰਿਜ਼ਮ ਵਰਗੇ ਵਿਸ਼ਿਆਂ ਉਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਉਸ ਦੀ ਨਿੱਘੀ ਮੇਜ਼ਬਾਨੀ ਸਦਕਾ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਅਤੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਸਵਾਗਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਤਿੰਨ ਰੋਜ਼ਾ ਸੰਮੇਲਨ ਨੂੰ ਸੁਚਾਰੂ ਰੂਪ ਵਿਚ ਨੇਪਰੇ ਚਾੜ੍ਹਨ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸੰਮੇਲਨ ਸੂਬੇ ਨੂੰ ਅੰਤਰਰਾਸ਼ਟਰੀ ਸੈਰ-ਸਪਾਟੇ ਦੇ ਨਕਸ਼ੇ ਉਤੇ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਦੁਨੀਆ ਸਾਹਮਣੇ ਸੂਬੇ ਦੇ ਅਮੀਰ ਵਿਰਸੇ ਨੂੰ ਉਭਾਰਨ ਦਾ ਢੁਕਵਾਂ ਮੰਚ ਸਾਬਤ ਹੋਵੇਗਾ।

Written By
The Punjab Wire