ਪੰਜਾਬ ਮੁੱਖ ਖ਼ਬਰ

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 14 ਮਹੀਨੇ: ਪੰਜਾਬ ਪੁਲਿਸ ਨੇ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ; 1548 ਕਿਲੋ ਹੈਰੋਇਨ ਬਰਾਮਦ

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 14 ਮਹੀਨੇ: ਪੰਜਾਬ ਪੁਲਿਸ ਨੇ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ; 1548 ਕਿਲੋ ਹੈਰੋਇਨ ਬਰਾਮਦ
  • PublishedSeptember 4, 2023

ਇਕੱਲੇ ਅਗਸਤ ਮਹੀਨੇ ਵਿਚ ਲਗਭਗ 240 ਕਿਲੋ ਹੈਰੋਇਨ ਦੀ ਬਰਾਮਦਗੀ

ਪੁਲਿਸ ਟੀਮਾਂ ਨੇ 5 ਜੁਲਾਈ, 2022 ਤੋਂ ਹੁਣ ਤੱਕ 13.96 ਕਰੋੜ ਦੀ ਡਰੱਗ ਮਨੀ, 872-ਕਿਲੋ ਅਫੀਮ, 446 ਕੁਇੰਟਲ ਭੁੱਕੀ ਅਤੇ 90.59 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ
ਕੀਤੀਆਂ ਬਰਾਮਦ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ

ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਦੀਆਂ ਗ੍ਰਿਫਤਾਰੀ ਸਬੰਧੀ ਮੁਹਿੰਮ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ 1062 ਤੱਕ ਅੱਪੜੀ

ਇੱਕ ਹਫ਼ਤੇ ਵਿੱਚ 28.88-ਕਿਲੋ ਹੈਰੋਇਨ, 3.17-ਕਿਲੋ ਅਫੀਮ, 6 ਕਿਲੋ ਭੁੱਕੀ, 10.12 ਲੱਖ ਰੁਪਏ ਦੀ ਡਰੱਗ ਮਨੀ ਸਮੇਤ 333 ਨਸ਼ਾ ਤਸਕਰ/ਸਪਲਾਇਰ ਕਾਬੂ

ਚੰਡੀਗੜ੍ਹ, 4 ਸਤੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਵਿੱਢੀ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ 14 ਮਹੀਨੇ ਪੂਰੇ ਹੋਣ ਦੇ ਨਾਲ-ਨਾਲ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 2778 ਵੱਡੀਆਂ ਮੱਛੀਆਂ ਸਮੇਤ 19093 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 14179 ਐਫਆਈਆਰਜ਼ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ 1717 ਵਪਾਰਕ ਮਾਤਰਾ ਨਾਲ ਸਬੰਧਤ ਹਨ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਜੋ ਸੋਮਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਅਤੇ ਰਾਜ ਭਰ ਵਿੱਚ ਸੰਵੇਦਨਸ਼ੀਲ ਰੂਟਾਂ ’ਤੇ ਨਾਕੇ ਲਗਾ ਕੇ 1400.77 ਕਿਲੋ ਹੈਰੋਇਨ ਬਰਾਮਦ ਕੀਤੀ । ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਮਹਿਜ਼ 14 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 1548.27 ਕਿਲੋ ਤੱਕ ਪਹੁੰਚ ਗਈ ਹੈ।

ਉਨ੍ਹਾਂ ਅੱਗੇ ਕਿਹਾ, “ਪੁਲਿਸ ਟੀਮਾਂ ਨੇ ਇਕੱਲੇ ਅਗਸਤ ਮਹੀਨੇ ਵਿੱਚ ਸੂਬੇ ਭਰ ਚੋਂ ਲਗਭਗ 240 ਕਿਲੋ ਹੈਰੋਇਨ ਬਰਾਮਦ ਕੀਤੀ ਹੈ।”

ਆਈਜੀਪੀ ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਸੂਬੇ ਭਰ ਵਿੱਚੋਂ 871.82 ਕਿਲੋ ਅਫੀਮ, 446.30 ਕੁਇੰਟਲ ਭੁੱਕੀ ਅਤੇ 90.59 ਲੱਖ ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ 14 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿਚੋਂ 13.96 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਤਿੰਨ-ਨੁਕਾਤੀ ਰਣਨੀਤੀ ਲਾਗੂ ਕੀਤੀ ਹੈ , ਜਿਸ ਵਿੱਚ ਪੁਲਿਸ ਦੀ ਸ਼ਾਮੂਲੀਅਤ, ਲੋਕ ਸੰਪਰਕ ਪ੍ਰੋਗਰਾਮ ਅਤੇ ਨਸ਼ਿਆਂ ਦੀ ਮੰਗ ਘਟਾਉਣ, ਜਿਹੇ ਤਿੰਨ ਅਹਿਮ ਪਹਿਲੂ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਰਣਨੀਤੀ ਲਾਗੂ ਕਰਨ ਦੇ ਹਿੱਸੇ ਤਹਿਤ, ਸੀਪੀਜ਼/ਐਸਐਸਪੀਜ਼ ਨੂੰ ਮੁਹੱਲਿਆਂ ਅਤੇ ਪਿੰਡਾਂ ਵਿੱਚ ਨਸ਼ਿਆਂ ਦੀ ਸਪਲਾਈ ’ਤੇ ਠੱਲ੍ਹ ਪਾਉਣ ਲਈ ਗਲੀ-ਮੁਹੱਲਿਆਂ ਅਤੇ ਸਪਲਾਇਰਾਂ ਵਿਰੁੱਧ ਵੱਡੇ ਪੱਧਰ ’ਤੇ ਆਲ-ਆਊਟ ਆਪ੍ਰੇਸ਼ਨ ਵਿੱਢਣ ਲਈ ਕਿਹਾ ਗਿਆ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ, ਕੁਝ ਕੁ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਦੇ ਨਾਲ ਫੜੇ ਗਏ ਵਿਅਕਤੀਆਂ ਨੂੰ ਪੀੜਤ ਮੰਨਿਆ ਜਾਵੇਗਾ ਅਤੇ ਉਸਨੂੰ ਐਨਡੀਪੀਐਸ ਐਕਟ ਦੀ ਧਾਰਾ 64ਏ ਤਹਿਤ ਗ੍ਰਿਫਤਾਰੀ ਤੋਂ ਛੋਟ ਦਿੰਦਿਆਂ ਇਲਾਜ ਅਤੇ ਮੁੜਵਸੇਬੇ ਦਾ ਵਿਕਲਪ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਫਾਰਮਾਸਿਊਟੀਕਲ ਦਵਾਈਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Ñਲੋਕ ਸੰਪਰਕ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਜਾਂ ਪੁਲਿਸ ਸਟੇਸ਼ਨ ਪੱਧਰ ਤੇ ਵਿਸ਼ੇਸ਼ ਯੋਜਨਾ ਹੋਵੇਗੀ, ਜਿਸ ਤਹਿਤ ਪੁਲਿਸ ਟੀਮਾਂ ਸਾਰੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੀਆਂ। ੳਹਨਾਂ ਦੱਸਿਆ ਕਿ ਰੈਲੀਆਂ, ਵਰਕਸ਼ਾਪਾਂ, ਸੈਮੀਨਾਰ, ਦੌੜਾਂ, ਸਾਈਕਲ ਰੈਲੀਆਂ ਆਦਿ ਸਮੇਤ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕਰਨ ਲਈ ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਮੰਗ ਨੂੰ ਘਟਾਉਣ ਲਈ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਮੋੜਕੇ ਉਨ੍ਹਾਂ ਦਾ ਮੁੜਵਸੇਬਾ ਕੀਤਾ ਜਾ ਸਕੇ।

ਹਫਤਾਵਾਰੀ ਅਪਡੇਟ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 242 ਐਫਆਈਆਰਜ਼, ਜਿਹਨਾਂ ਵਿਚ 27 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਕੇ 333 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ 28.88-ਕਿਲੋ ਹੈਰੋਇਨ, 3.17-ਕਿਲੋ ਅਫੀਮ, 6.36 ਕੁਇੰਟਲ ਭੁੱਕੀ, 1.21 ਲੱਖ ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 10.12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਐਨਡੀਪੀਐਸ ਕੇਸਾਂ ਵਿੱਚ 11 ਹੋਰ ਪੀਓਜ਼/ਭਗੌੜਿਆਂ ਦੀ ਗ੍ਰਿਫਤਾਰੀ ਨਾਲ, 5 ਜੁਲਾਈ, 2022 ਤੋਂ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ 1062 ਤੱਕ ਪਹੁੰਚ ਗਈ ਹੈ।

Written By
The Punjab Wire