ਪੰਜਾਬ ਮੁੱਖ ਖ਼ਬਰ

ਪੀ.ਐਸ.ਪੀ.ਸੀ.ਐਲ. ਨੇ ਕਾਰਪੋਰੇਸ਼ਨ ਦੀ ਸਮੱਗਰੀ ਦੀ ਦੁਰਵਰਤੋਂ ਲਈ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ: ਹਰਭਜਨ ਸਿੰਘ ਈਟੀਓ

ਪੀ.ਐਸ.ਪੀ.ਸੀ.ਐਲ. ਨੇ ਕਾਰਪੋਰੇਸ਼ਨ ਦੀ ਸਮੱਗਰੀ ਦੀ ਦੁਰਵਰਤੋਂ ਲਈ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ: ਹਰਭਜਨ ਸਿੰਘ ਈਟੀਓ
  • PublishedAugust 28, 2023

ਚੰਡੀਗੜ੍ਹ, 28 ਅਗਸਤ 2023 (ਦੀ ਪੰਜਾਬ ਵਾਇਰ)।ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕਾਰਪੋਰੇਸ਼ਨ ਦੀ ਸਮੱਗਰੀ ਦੀ ਦੁਰਵਰਤੋਂ ਕਰਨ ਲਈ ਇੱਕ ਵਧੀਕ ਐਸ.ਈ. ਅਤੇ ਦੋ ਐਸ.ਡੀ.ਓ ਨੂੰ ਮੁਅੱਤਲ ਕਰ ਦਿੱਤਾ ਹੈ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਕੁਝ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਵਧੀਕ ਐਸ.ਈ. ਸੁਖਦਰਸ਼ਨ ਪਾਲ ਸਿੰਘ ਅਤੇ ਦੋ ਐਸ.ਡੀ.ਓ ਗਿਆਨ ਸਿੰਘ ਅਤੇ ਹਰਮਨਦੀਪ ਸਿੰਘ ਵਿਰੁੱਧ ਪੀ.ਐਸ.ਪੀ.ਸੀ.ਐਲ ਦੀ ਸਮੱਗਰੀ ਜਿਵੇਂ ਕਿ ਏ.ਸੀ.ਐਸ.ਆਰ ਕੰਡਕਟਰ ਅਤੇ 66 ਕੇ.ਵੀ ਕੇਬਲਾਂ ਦੀ ਦੁਰਵਰਤੋਂ ਕਰਨ ‘ਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਪੀ.ਐਸ.ਪੀ.ਸੀ.ਐਲ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਮੁਅੱਤਲ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਚੀਫ ਇੰਜਨੀਅਰਾਂ ਅਤੇ ਸੁਪਰਡੈਂਟ ਇੰਜਨੀਅਰਾਂ ਸਮੇਤ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਕਿਸੇ ਵੀ ਪੱਧਰ ‘ਤੇ ਕਿਸੇ ਵੀ ਕਰਮਚਾਰੀ ਵੱਲੋਂ ਕੀਤੀ ਗਈ ਭ੍ਰਿਸ਼ਟ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ 400 ਤੋਂ ਵੱਧ ਭ੍ਰਿਸ਼ਟ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਕਿਸੇ ਵੀ ਸਿਆਸਤਦਾਨ ਜਾਂ ਅਧਿਕਾਰੀ ਸਮੇਤ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਵਿੱਚ ਬਖਸ਼ਿਆ ਨਹੀਂ ਗਿਆ।

Written By
The Punjab Wire