Close

Recent Posts

ਗੁਰਦਾਸਪੁਰ ਪੰਜਾਬ

ਹੈਲ਼ਥ ਐਂਡ ਵੈਲਨੈੱਸ ਸੈਂਟਰ ਬੱਬਰੀ ਨੰਗਲ ਵਿਖੇ ਆਯੂਰਵੈਦ ਅਤੇ ਹੋਮੀਓਪੈਥੀ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ

ਹੈਲ਼ਥ ਐਂਡ ਵੈਲਨੈੱਸ ਸੈਂਟਰ ਬੱਬਰੀ ਨੰਗਲ ਵਿਖੇ ਆਯੂਰਵੈਦ ਅਤੇ ਹੋਮੀਓਪੈਥੀ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ
  • PublishedAugust 28, 2023

450 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ

ਸਿਹਤ ਵਿਭਾਗ ਵੱਲੋਂ ਆਯੂਰਵੈਦ ਅਤੇ ਹੋਮੀਓਪੈਥੀ ਇਲਾਜ ਵਿਧੀਆਂ ਨੂੰ ਵੀ ਕੀਤਾ ਜਾ ਰਿਹਾ ਹੈ ਉਤਸ਼ਾਹਤ – ਰਮਨ ਬਹਿਲ

ਗੁਰਦਾਸਪੁਰ, 28 ਅਗਸਤ 2023 (ਦੀ ਪੰਜਾਬ ਵਾਇਰ) । ਪੰਜਾਬ ਆਯੁਸ਼ ਵਿਭਾਗ ਵੱਲੋ ਅੱਜ ਹੈਲ਼ਥ ਐਂਡ ਵੈਲਨੈੱਸ ਸੈਂਟਰ ਬੱਬਰੀ ਨੰਗਲ ਵਿਖੇ ਵਿਸ਼ੇਸ਼ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਪੰਜਾਬ ਹੈਲ਼ਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਸ਼ੇਸ ਤੌਰ ’ਤੇ ਪਹੁੰਚ ਕੇ ਇਸ ਕੈਂਪ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਅਤੇ ਡੀ.ਐੱਮ.ਸੀ. ਡਾ. ਰੋਮੀ ਰਾਜਾ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪ੍ਰਦੀਪ ਵੀ ਮੌਜੂਦ ਸਨ। ਕੈਂਪ ਦੌਰਾਨ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵਲੋ 450 ਦੇ ਕਰੀਬ ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਮਰੀਜ਼ਾਂ ਦੇ ਮੁਫ਼ਤ ਟੈਸਟ ਕਰਨ ਦੇ ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਯੁਰਵੈਦ ਸਭ ਤੋ ਪੁਰਾਣੀ ਇਲਾਜ ਦੀ ਪ੍ਰਣਾਲੀ ਹੈ, ਜਿਸ ਰਾਹੀਂ ਬੜੀ ਸਫਲਤਾ ਨਾਲ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਯੁਰਵੈਦ ਦੇ ਨਾਲ ਹੀ ਹੋਮਿਓਪੈਥੀ ਇਲਾਜ ਪ੍ਰਣਾਲੀ ਵੀ ਬਹੁਤ ਕਾਰਗਰ ਹੈ ਜੋ ਰੋਗ ਨੂੰ ਜੜ੍ਹ ਤੋਂ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਇਲਾਜ ਪ੍ਰਣਾਲੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਐਲੋਪੈਥੀ ਦਵਾਈਆਂ ਦੇ ਸਾਇਡ-ਇਫੈਕਟਸ ਤੋਂ ਬਚ ਕੇ ਇਨ੍ਹਾਂ ਵਿਧੀਆਂ ਰਾਹੀਂ ਆਪਣਾ ਇਲਾਜ ਕਰਵਾ ਸਕਣ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਹਤ ਵਿਭਾਗ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਨਵੇਂ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ।

ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਕਿਹਾ ਕਿ ਸਿਹਤ ਵਿਭਾਗ ਦੇ ਵੱਖ-ਵੱਖ ਵਿੰਗ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਆਯੁਸ਼ ਵਿੰਗ ਵੀ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਹੀ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪ੍ਰਦੀਪ ਨੇ ਕਿਹਾ ਕਿ ਮੌਸਮ ਅਨੁਸਾਰ ਹੋਣ ਵਾਲੀ ਬੀਮਾਰੀਆਂ ਤੋ ਬਚਾਓ ਲ਼ਈ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਐੱਸ.ਅੱੈਮ.ਓ. ਡਾ. ਭੁਪਿੰਦਰ ਕੌਰ ਨੇ ਕੈਂਪ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਰਮਨ, ਡਾ. ਨੀਤੂ, ਡਾ. ਨਿਤਨ ਪੁਰੀ, ਏ.ਐੱਨ.ਐੱਮ. ਰਮਨਜੀਤ ਕੌਰ, ਫਾਰਮਾਸਿਸਟ ਚਰਨਜੀਤ ਸਿੰਘ, ਨੇਹਾ, ਸੁਰਜੀਤ ਸਿੰਘ, ਅੰਮ੍ਰਿਤ ਚਮਕੌਰ ਸਿੰਘ, ਇੰਦਰਪਾਲ, ਬਲਾਕ ਪ੍ਰਧਾਨ ਹਿਤਪਾਲ ਸਿੰਘ, ਦਵਿੰਦਰ ਸਿੰਘ, ਮਿੱਤਰ ਮਾਨ ਸਿੰਘ, ਰਾਜਬੀਰ ਸਿੰਘ ਬੱਬਰੀ, ਸਤਨਾਮ ਸਿੰਘ ਤਲਵੰਡੀ ਵਿਰਕ ਆਦਿ ਮੌਜੂਦ ਸਨ।    

Written By
The Punjab Wire