Close

Recent Posts

ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਦੀ ਤਿਆਰੀ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ

ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਦੀ ਤਿਆਰੀ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ
  • PublishedAugust 28, 2023

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਜਾਇਜਾ

ਗੁਰਦਾਸਪੁਰ, 28 ਅਗਸਤ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਬਣਾਏ ਜਾ ਰਹੇ ਨਵੇਂ ਬੱਸ ਸਟੈਂਡ ਦੀ ਉਸਾਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਨਵੇਂ ਬੱਸ ਸਟੈਂਡ ਪਹੁੰਚ ਕੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ, ਈ.ਓ. ਨਗਰ ਸੁਧਾਰ ਟਰੱਸਟ ਅਤੇ ਹੋਰ ਅਧਿਕਾਰੀ ਤੇ ਠੇਕੇਦਾਰ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਸ ਸਟੈਂਡ ਦੀ ਉਸਾਰੀ ਵਿੱਚ ਜੋ ਵੀ ਕੰਮ ਰਹਿ ਗਿਆ ਹੈ ਉਸ ਨੂੰ ਜਲਦ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬੱਸ ਸਟੈਂਡ ਵਿੱਚ ਬੱਸਾਂ ਦੇ ਅੰਦਰ-ਬਾਹਰ ਜਾਣ ਦੇ ਰਸਤੇ ਅਤੇ ਰੁਕਣ ਦੀਆਂ ਥਾਵਾਂ ਨੂੰ ਚੈੱਕ ਕਰ ਲਿਆ ਜਾਵੇ। ਇਸਦੇ ਨਾਲ ਹੀ ਯਾਤਰੂਆਂ ਦੀ ਸਹੂਲਤ ਲਈ ਈ-ਰਿਕਸ਼ਾ, ਦੋ-ਪਹੀਆ ਵਾਹਨਾਂ ਦੀ ਪਾਰਕਿੰਗ ਆਦਿ ਦਾ ਵੀ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਪੰਜਾਬ ਰੋਡਵੇਜ਼ ਦੇ ਜੀ.ਐੱਮ. ਅਤੇ ਆਰ.ਟੀ.ਏ. ਨੂੰ ਬੱਸ ਓਪਰੇਟਰਾਂ ਨਾਲ ਮੀਟਿੰਗ ਕਰਨ ਲਈ ਵੀ ਕਿਹਾ ਤਾਂ ਜੋ ਜਲਦ ਹੀ ਇਸ ਬੱਸ ਅੱਡੇ ਨੂੰ ਸ਼ੁਰੂ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਗੁਰਦਾਸਪੁਰ ਦਾ ਨਵਾਂ ਬੱਸ ਸਟੈਂਡ ਤਿਆਰ ਹੋ ਗਿਆ ਹੈ ਅਤੇ ਹੁਣ ਬੱਸ ਇਸਦੀ ਤਿਆਰੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਬੱਸ ਸਟੈਂਡ ਵਿੱਚ ਯਾਤਰੂਆਂ ਲਈ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਬੱਸ ਸਟੈਂਡ ਵਿੱਚ ਯਾਤਰੂਆਂ ਦੇ ਰਾਤ ਰੁਕਣ ਲਈ ਗੈਸਟ ਰੂਮ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸਟਾਫ ਦੇ ਕੈਬਿਨ ਅਤੇ ਕੰਨਟੀਨ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਸ ਬੱਸ ਸਟੈਂਡ ਦਾ ਉਦਘਾਟਨ ਕਰਕੇ ਇਸਨੂੰ ਲੋਕ ਅਰਪਣ ਕੀਤਾ ਜਾਵੇਗਾ।

ਇਸ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾਂ ਨੇ ਵੀ ਕਿਹਾ ਕਿ ਗੁਰਦਾਸਪੁਰ ਦਾ ਨਵਾਂ ਬੱਸ ਸਟੈਂਡ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ।

Written By
The Punjab Wire