ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸਿਹਤ ਵਿਭਾਗ ਨੇ ਮਲੇਰੀਆ ਤੇ ਡੇਂਗੂ ਦੇ ਮੱਛਰਾਂ ਨੂੰ ਖਤਮ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ

ਸਿਹਤ ਵਿਭਾਗ ਨੇ ਮਲੇਰੀਆ ਤੇ ਡੇਂਗੂ ਦੇ ਮੱਛਰਾਂ ਨੂੰ ਖਤਮ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ
  • PublishedAugust 23, 2023

ਛੱਪੜਾਂ ਵਿੱਚ ਮੱਛਰਾਂ ਦਾ ਲਾਰਵਾ ਖਾਣ ਵਾਲੀ ਗੰਬੂਸੀਆ ਮੱਛੀਆਂ ਦੇ ਪੂੰਗ ਨੂੰ ਛੱਡਿਆ ਜਾ ਰਿਹਾ

ਗੁਰਦਾਸਪੁਰ, 23 ਅਗਸਤ 2023 (ਦੀ ਪੰਜਾਬ ਵਾਇਰ ) । ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰੀਆ ਅਤੇ ਡੇਂਗੂ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਜਿਥੇ ਪਿੰਡ-ਪਿੰਡ ਜਾ ਕੇ ਮੱਛਰਾਂ ਨੂੰ ਮਾਰਨ ਲਈ ਸਪਰੇਅ ਕਰਨ ਦੇ ਨਾਲ ਫੌਗਿੰਗ ਕੀਤੀ ਜਾ ਰਹੀ ਹੈ ਓਥੇ ਪਿੰਡਾਂ ਦੇ ਛੱਪੜਾਂ ਜਾਂ ਜਿਨ੍ਹਾਂ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਖੜ੍ਹਾ ਹੈ ਓਥੇ ਗੰਬੂਸੀਆ ਮੱਛੀਆਂ ਨੂੰ ਛੱਡਿਆ ਜਾ ਰਿਹਾ ਹੈ ਜੋ ਕਿ ਪਾਣੀ ਵਿੱਚ ਪਨਪਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਵਿੱਚ ਸਹਾਈ ਹੁੰਦੀਆਂ ਹਨ।

ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਅਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕਲਸੀ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਰਣਜੀਤ ਬਾਗ ਵਿਖੇ ਸਥਿਤ ਗੰਬੂਸੀਆ ਮੱਛੀਆਂ ਦੀ ਜ਼ਿਲ੍ਹਾ ਹੈਚਰੀ ਦਾ ਦੌਰਾ ਕੀਤਾ ਗਿਆ। ਡਾ. ਹਰਭਜਨ ਰਾਮ ਨੇ ਦੱਸਿਆ ਕਿ ਵੈਕਟਰ-ਬੋਰਨ ਬਿਮਾਰੀਆਂ ਜਿਵੇ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆ ਆਦਿ ਨੂੰ ਫੈਲਣ ਤੋਂ ਰੋਕਣ ਅਤੇ ਮੱਛਰ ਦੇ ਲਾਰਵੇ ਨੂੰ ਖਾਣ ਵਾਲੀ ਗੰਬੂਸੀਆ ਮੱਛੀਆਂ ਨੂੰ ਇੱਥੇ ਪਾਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਤ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਤਹਿਤ ਅਗਲੇ 3 ਦਿਨਾਂ ਚ 92 ਛੱਪੜਾਂ ਵਿਚ ਇਹ ਗੰਬੂਸੀਆ ਮੱਛੀਆਂ ਛੱਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗੰਬੂਸ਼ੀਆ ਮੱਛੀਆਂ ਨੂੰ ਟੋਏ ਛੱਪੜ ਜਾਂ ਆਸ-ਪਾਸ ਦੇ ਕਿਸੇ ਵੀ ਜਲ-ਘਰ ਵਿੱਚ ਛੱਡਿਆ ਜਾ ਸਕਦਾ ਹੈ ਜਿੱਥੇ ਮੱਛਰ ਦੇ ਲਾਰਵੇ ਹੁੰਦੇ ਹਨ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਗੰਬੂਸ਼ੀਆ ਮੱਛੀਆਂ ਦੀ ਮਦਦ ਨਾਲ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨਾ ਨਾ ਸਿਰਫ਼ ਵਾਤਾਵਰਣ ਲਈ ਅਨੁਕੂਲ ਹੈ ਸਗੋਂ ਇਹ ਇੱਕ ਪ੍ਰਭਾਵਸ਼ਾਲੀ ਉਪਾਅ ਵੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਖਾਸ ਕਰਕੇ ਹੜ੍ਹ ਪ੍ਰਭਾਵਤ ਖੇਤਰਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਦੇ ਛੱਪੜਾਂ ਜਾਂ ਜਿਥੇ ਕਿਤੇ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ ਉਸ ਵਿੱਚ ਗੰਬੂਸੀਆ ਮੱਛੀਆਂ ਦਾ ਪੂੰਗ ਪਾਉਣ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੰਬੂਸੀਆ ਮੱਛੀਆਂ ਦਾ ਪੂੰਗ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪੀ.ਐੱਚ.ਸੀ. ਰਣਜੀਤ ਬਾਗ਼ ਵਿਖੇ ਹੈਲਥ ਇੰਸਪੈਕਟਰ ਗੁਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 87258-00272 `ਤੇ ਤਾਲ ਮੇਲ ਕਰਕੇ ਮੁਫ਼ਤ ਲਿਜਾਇਆ ਜਾ ਸਕਦਾ ਹੈ। ਇਸ ਮੌਕੇ ਏ.ਐੱਮ.ਓ. ਸ਼ਿਵ ਚਰਨ, ਬਲਾਕ ਐਜੂਕੇਟਰ ਸੰਦੀਪ ਕੌਰ, ਗੁਰਜੀਤ ਸਿੰਘ ਐੱਚ.ਆਈ. ਅਤੇ ਹੈਲਥ ਵਰਕਰ ਹਾਜ਼ਰ ਸਨ।

Written By
The Punjab Wire