400 ਤੋਂ ਵੱਧ ਲੋਕਾਂ ਨੂੰ ਸੁਰਖਿਅਤ ਬਾਹਰ ਕੱਢਿਆ ਅਤੇ 100 ਲੋਕਾਂ ਨੂੰ ਬਚਾਇਆ-ਡੀਸੀ ਹਿਮਾਂਸ਼ੂ ਅਗਰਵਾਲ
ਸਥਿਤੀ ਪੂਰੀ ਤਰਾਂ ਕਾਬੂ ਹੇਠ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 16 ਅਗਸਤ 2023 (ਦੀ ਪੰਜਾਬ ਵਾਇਰ )। ਬੀਤੇ ਕੱਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਧੁੱਸੀ ਬੰਨ ਵਿੱਚ ਪਾੜ ਪੈਣ ਕਰਕੇ ਨੀਵੇਂ ਇਲਾਕਿਆਂ ਅਤੇ ਪਿੰਡ ਚੀਚੀਆਂ ਚੋਰੀਆਂ, ਪੱਖੋਵਾਲ, ਦਾਊਵਾਲ, ਖੈਹਿਰਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖਰੀਆਨ ਵਿੱਚ ਪਾਣੀ ਭਰ ਗਿਆ ਸੀ। ਇਸ ਤੋਂ ਪਹਿਲਾਂ ਕਿ ਹਾਲਾਤ ਵਿਗੜਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਗਾਹ ਕਰਕੇ ਕੱਲ ਤੋਂ ਹੀ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ।
ਕੱਲ ਦੁਪਹਿਰ ਤੋਂ ਬੀਤੀ ਦੇਰ ਰਾਤ ਤੱਕ ਅਤੇ ਅੱਜ ਤੜਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਪੁਰਾਣਾ ਸ਼ਾਲਾ, ਦਾਓਵਾਲ ਸਮੇਤ ਹੋਰ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਪੁਹੰਚ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਐੱਨ.ਡੀ.ਆਰ.ਐੱਫ, ਭਾਰਤੀ ਫੌਜ ਅਤੇ ਬੀ.ਐੱਸ.ਐੱਫ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਸਾਂਝਾ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ `ਤੇ ਧੁੱਸੀ ਬੰਨ ਵਿੱਚ ਪਾੜ ਪਿਆ ਹੈ ਉਸ ਨੂੰ ਠੀਕ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹੜ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ ਜਿਸ ਕਾਰਨ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਭ ਤੋਂ ਨਜਜੀਕੀ ਪੁਆਇਂਟ ਪੁਰਾਣਾ ਸ਼ਾਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਰਾਹਤ ਕੇਂਦਰ ਅਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਡੀਸੀ ਅਗਰਵਾਲ ਨੇ ਦੱਸਿਆ ਕਿ ਅਸੀਂ ਬਚਾਅ ਅਤੇ ਰਾਹਤ ਕਾਰਜਾਂ ਲਈ ਹਥਿਆਰਬੰਦ ਬਲਾਂ ਦੇ 200 ਤੋਂ ਵੱਧ ਕਰਮਚਾਰੀ ਅਤੇ 15 ਕਿਸ਼ਤੀਆਂ ਤਾਇਨਾਤ ਕੀਤੀਆਂ ਹਨ। ਕਰੀਬ 400 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 100 ਨੂੰ ਬਚਾਇਆ ਗਿਆ ਹੈ। ਹਾਲਾਤ ਕਾਬੂ ਵਿੱਚ ਹਨ। ਦਲੇਲਪੁਰ ਅਤੇ ਭੈਣੀ ਮਿਲਵਾਂ ਵਿਖੇ ਵੱਡੀਆਂ ਪਾੜਾਂ ਨੂੰ ਭਰਨ ਦਾ ਕੰਮ ਕੀਤਾ ਜਾ ਰਿਹਾ ਹੈ। ਸੁੱਕਾ ਰਾਸ਼ਨ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਹਨ। ਸਿਹਤ ਅਤੇ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੇ ਟੋਲ ਫਰੀ ਹੈਲਪਲਾਈਨ ਨੰਬਰ 1800-180-1852 ਯਾ 112 ‘ਤੇ ਸੰਪਰਕ ਕਰ ਸਕਦੇ ਹਨ।