ਗੁਰਦਾਸਪੁਰ

ਮੰਤਰੀ ਕਟਾਰੂਚੱਕ ਨੂੰ ਘੇਰਨ ਲਈ ਮੰਤਰੀ ਦੇ ਹਲਕੇ ’ਚ ਕਾਂਗਰਸ ਦਾ ਧਰਨਾ ਪ੍ਰਦਰਸ਼ਨ ਭਲਕੇ

ਮੰਤਰੀ ਕਟਾਰੂਚੱਕ ਨੂੰ ਘੇਰਨ ਲਈ ਮੰਤਰੀ ਦੇ ਹਲਕੇ ’ਚ ਕਾਂਗਰਸ ਦਾ ਧਰਨਾ ਪ੍ਰਦਰਸ਼ਨ ਭਲਕੇ
  • PublishedAugust 12, 2023

ਪ੍ਰਦੇਸ਼ ਪ੍ਰਧਾਨ ਰਾਜਾ ਵਡ਼ਿੰਗ ਦੀ ਅਗਵਾਈ ’ਚ ਹੱਲਾ ਬੋਲਣਗੇ ਸੂਬੇ ਦੇ ਵੱਡੇ ਲੀਡਰ

ਅਰੁਨਾ ਚੌਧਰੀ ਨੇ ਸੰਘਰਸ਼ ਤਿੱਖਾ ਕਰਨ ਲਈ ਕੀਤੀ ਹੰਗਾਮੀ ਮੀਟਿੰਗ

ਦੀਨਾਨਗਰ, 12 ਅਗਸਤ 2023 (ਦੀ ਪੰਜਾਬ ਵਾਇਰ )। ਹਲਕਾ ਭੋਆ ਦੇ ਪਿੰਡ ਗੋਲ ’ਚ ਸਰਕਾਰੀ ਜ਼ਮੀਨ ਨੂੰ ਨਜਾਇਜ਼ ਢੰਗ ਨਾਲ ਵੇਚਣ ਦੇ ਮਾਮਲੇ ’ਚ ਘਿਰਦੇ ਨਜ਼ਰ ਆ ਰਹੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖ਼ਿਲਾਫ਼ 13 ਅਗਸਤ ਨੂੰ ਕਾਂਗਰਸ ਪਾਰਟੀ ਧਰਨਾ ਪ੍ਰਦਰਸ਼ਨ ਕਰਕੇ ਹੱਲਾ ਬੋਲੇਗੀ।

ਇਸ ਐਕਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ, ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਹੋਣਗੇ। ਇਸਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਾਬਕਾ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਆਪਣੇ ਗ੍ਰਹਿ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਧਰਨੇ ’ਚ ਸ਼ਾਮਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੀ ਸ਼ਾਮਲ ਹੋਏ।

ਅਰੁਨਾ ਚੌਧਰੀ ਨੇ ਦੱਸਿਆ ਕਿ ਪ੍ਰਦੇਸ਼ ਪ੍ਰਧਾਨ ਦੀ ਅਗਵਾਈ ਵਿੱਚ ਹਜ਼ਾਰਾਂ ਕਾਂਗਰਸੀ ਵਰਕਰ ਐਤਵਾਰ ਸਵੇਰੇ 10 ਵਜੇ ਹਲਕਾ ਭੋਆ ਦੇ ਕਥਲੌਰ ਪੁੱਲ ’ਤੇ ਧਰਨਾ ਦੇਣਗੇ ਅਤੇ ਜ਼ਮੀਨ ਘੁਟਾਲੇ ’ਚ ਕਥਿਤ ਤੌਰ ’ਤੇ ਸ਼ਾਮਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਭੂਮਿਕਾ ਬਾਰੇ ਖ਼ੁਲਾਸੇ ਕਰਨਗੇ। ਉਨ੍ਹਾਂ ਕਿਹਾ ਕਿ ਬਡ਼ੇ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ਖ਼ੁਦ ਨੂੰ ਇਨਸਾਫ਼ ਪਸੰਦ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਆਪਣੇ ਲੀਡਰਾਂ ਨੂੰ ਬਚਾਉਣ ’ਚ ਲੱਗੀ ਹੈ ਜਦਕਿ ਵਿਰੋਧੀਆਂ ਖ਼ਿਲਾਫ਼ ਹਰੇਕ ਕਾਰਵਾਈ ਨੂੰ ਤੁਰੰਤ ਹੀ ਅਮਲ ਵਿੱਚ ਲਿਆ ਦਿੱਤਾ ਜਾਂਦਾ ਹੈ। ਜੋ ਲੋਕਤੰਤਰ ਦਾ ਘਾਣ ਹੈ।

ਇਸੇ ਤਰ੍ਹਾਂ ਮਣੀਪੁਰ ’ਚ ਵਾਪਰੀਆਂ ਸ਼ਰਮਨਾਕ ਘਟਨਾਵਾਂ ਦੇ ਵਿਰੋਧ ਵਿੱਚ ਕੇਂਦਰ ਦੀ ਅੰਨ੍ਹੀ ਬੋਲੀ ਸਰਕਾਰ ਨੂੰ ਜਗਾਉਣ ਲਈ ਗੁਰਦਾਸਪੁਰ ਵਿਖੇ ਕੈਂਡਲ ਮਾਰਚ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਵਰਕਰਾਂ ਨੂੰ ਸ਼ਾਮ ਪੰਜ ਦੇ ਕਰੀਬ ਗੁਰਦਾਸਪੁਰ ਦੇ ਨਹਿਰੂ ਪਾਰਕ ’ਚ ਇੱਕਠੇ ਹੋਣ ਦੀ ਅਪੀਲ ਕੀਤੀ ਗਈ। ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਕੈਂਡਲ ਮਾਰਚ ਵਿੱਚ ਵੀ ਕਾਂਗਰਸ ਦੇ ਵੱਡੇ ਲੀਡਰ ਅਗਵਾਈ ਕਰਨਗੇ। ਮੀਟਿੰਗ ਵਿੱਚ ਬਲਾਕ ਦੀਨਾਨਗਰ ਤੇ ਦੋਰਾਂਗਲਾ ਦੇ ਤਮਾਮ ਅਹੁਦੇਦਾਰ ਤੇ ਵਰਕਰ ਸ਼ਾਮਲ ਹੋਏ।

Written By
The Punjab Wire