ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਰਾਘਵ ਚੱਢਾ ਨੂੰ ਬਰਖਾਸਤ ਕਰਨ ਦਾ ਮੰਤਵ ਬੁਲੰਦ ਅਵਾਜ ਨੂੰ ਦਬਾਉਣਾ-ਰਮਨ ਬਹਿਲ

ਰਾਘਵ ਚੱਢਾ ਨੂੰ ਬਰਖਾਸਤ ਕਰਨ ਦਾ ਮੰਤਵ ਬੁਲੰਦ ਅਵਾਜ ਨੂੰ ਦਬਾਉਣਾ-ਰਮਨ ਬਹਿਲ
  • PublishedAugust 12, 2023

ਕਿਹਾ ਕਿ ਹਰ ਹਾਲਤ ‘ਚ ਕਰਾਂਗੇ ਲੋਕਾਂ ਦੇ ਹੱਕਾਂ ਅਤੇ ਜਜਬਾਤਾਂ ਦੀ ਤਰਜਮਾਨੀ

ਗੁਰਦਾਸਪੁਰ, 12 ਅਗਸਤ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਰਾਜ ਸਭਾ ਵਿਚੋਂ ਮੁਅੱਤਲ ਕਰ ਦਿੱਤੇ ਜਾਣ ਦੀ ਕਾਰਵਾਈ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੰਦਿਆਂ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਸੱਤਾ ਦਾ ਦੁਰਉਪਯੋਗ ਕਰ ਰਹੀ ਹੈ।

ਰਮਨ ਬਹਿਲ ਨੇ ਕਿਹਾ ਕਿ ਰਾਘਵ ਚੱਡਾ ਨੂੰ ਮੁਅੱਤਲ ਕਰਨ ਦੀ ਕਾਰਵਾਈ ਉਨ੍ਹਾਂ ਦੀ ਬੁਲੰਦ ਅਵਾਜ ਨੂੰ ਰੋਕਣ ਦੀ ਕੋਸ਼ਿਸ਼ ਹੈ ਪਰ ਭਾਜਪਾ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰਾਘਵ ਚੱਡਾ ਅਤੇ ਆਮ ਆਦਮੀ ਪਾਰਟੀ ਦੇ ਹਰੇਕ ਆਗੂ ਦੀ ਅਵਾਜ ਨਾ ਤਾਂ ਝੁਕੇਗੀ ਅਤੇ ਨਾ ਹੀ ਇਹ ਅਵਾਜ ਰੁਕੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਜਜਬਾਤਾਂ ਅਤੇ ਹੱਕਾਂ ਦੀ ਤਰਜਮਾਨੀ ਹਰ ਹਾਲ ਵਿੱਚ ਕਰਦੀ ਰਹੇਗੀ।

ਉਨ੍ਹਾਂ ਕਿਹਾ ਕਿ ਬੀ.ਜੇ.ਪੀ. ਹੌਲੀ-ਹੌਲੀ ਵਿਰੋਧੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ ਜਾਂਚ ਏਜੰਸੀਆਂ ਅਤੇ ਹੋਰ ਵੱਡੇ ਅਦਾਰਿਆਂ ਦੀ ਵਰਤੋਂ ਵਿਰੋਧੀਆਂ ਨੂੰ ਡਰਾਉਣ ਅਤੇ ਧਮਕਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਸ਼ੁਰੂ ਤੋਂ ਹੀ ਲੋਕਾਂ ਦੇ ਹੱਕ ਵਿੱਚ ਅਵਾਜ ਉਠਾਉਂਦੇ ਰਹੇ ਹਨ ਅਤੇ ਇਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੁਰੀਤੀਆਂ ਖਿਲਾਫ ਵੀ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਖਿਲਾਫ ਜੋ ਵੀ ਵਿਅਕਤੀ ਬੋਲਦਾ ਹੈ। ਉਸ ਨੂੰ ਚੁੱਪ ਕਰਵਾਉਣ ਲਈ ਕੇਂਦਰ ਸਰਕਾਰ ਕੋਝੇ ਹੱਥਕੰਡੇ ਆਪਣਾ ਰਹੀ ਹੈ ਪਰ ਕੇਂਦਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸੱਤਾ ਚਲਾਉਣ ਦੇ ਨਾਲ-ਨਾਲ ਜਮਹੂਰੀਅਤ ਨੂੰ ਮਜਬੂਤ ਕਰਨਾ ਵੀ ਸਰਕਾਰ ਦੀ ਫਰਜ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਸਰਗਰਮ ਭੂਮਿਕਾ ਹੋਣੀ ਜਰੂਰੀ ਹੈ ਅਤੇ ਲੋਕਤੰਤਰ ਵਿੱਚ ਹਰੇਕ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਆਪਣੀ ਅਤੇ ਲੋਕਾਂ ਦੇ ਭਲੇ ਦੀ ਗੱਲ ਰੱਖ ਸਕੇ ਪਰ ਕੇਂਦਰ ਸਰਕਾਰ ਲੋਕਤੰਤਰਿਕ ਢੰਗ ਨਾਲ ਕੀਤੇ ਵਿਰੋਧ ਨੂੰ ਵੀ ਬਰਦਾਸ਼ਤ ਨਹੀਂ ਕਰ ਰਹੀ ਅਤੇ ਆਪਣੀਆਂ ਗਲਤ ਕਾਰਵਾਈਆਂ ਵਿਰੁੱਧ ਉਠਣ ਵਾਲੀ ਹਰੇਕ ਅਵਾਜ ਨੂੰ ਦਬਾ ਰਹੀ ਹੈ ਪਰ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਇਨ੍ਹਾਂ ਅਵਾਜਾਂ ਨੂੰ ਜਿਨ੍ਹਾਂ ਦਬਾਏਗੀ ਇਹ ਅਵਾਜਾਂ ਉਨ੍ਹਾਂ ਜਿਆਦਾ ਬੁਲੰਦ ਹੋਣਗੀਆਂ। ਉਨ੍ਹਾਂ ਰਾਘਵ ਚੱਢਾ ਨੂੰ ਮੁਅੱਤਲ ਕਰਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅੱਜ ਸਮੁੱਚਾ ਦੇਸ਼ ਅਤੇ ਆਮ ਆਦਮੀ ਪਾਰਟੀ ਰਾਘਵ ਚੱਢਾ ਦੀ ਪਿੱਠ ‘ਤੇ ਚਟਾਨ ਵਾਂਗ ਖੜੀ ਹੈ।

Written By
The Punjab Wire