ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰੋਜੈਕਟ ਜਲਦ ਕਰਨਗੇ ਲੋਕ ਅਰਪਿਤ: ਜਿੰਪਾ

ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰੋਜੈਕਟ ਜਲਦ ਕਰਨਗੇ ਲੋਕ ਅਰਪਿਤ: ਜਿੰਪਾ
  • PublishedAugust 12, 2023

112 ਪਿੰਡਾਂ ਦੇ ਸਵਾ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲੇਗੀ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ

ਚੰਡੀਗੜ੍ਹ, 12 ਅਗਸਤ 2023 (ਦੀ ਪੰਜਾਬ ਵਾਇਰ)। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਆਧਾਰਤ ਪ੍ਰੋਜੈਕਟ ਪੱਬਰਾ ਦਾ ਉੱਚ ਅਧਿਕਾਰੀਆਂ ਸਮੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਬ੍ਰਮ ਸ਼ੰਕਰ ਜਿੰਪਾ ਨੂੰ ਦੱਸਿਆ ਕਿ ਪਿੰਡ ਪੱਬਰਾ ਵਿਖੇ ਬਣ ਰਹੇ ਨਹਿਰੀ ਪਾਣੀ ‘ਤੇ ਆਧਾਰਤ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਲਗਭਗ ਤਿਆਰ ਹੈ ਅਤੇ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਿੰਪਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਜਾਵੇਗੀ।

ਜਿੰਪਾ ਨੇ ਅਧਿਕਾਰੀਆਂ ਨੂੰ ਪੱਬਰਾ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਦੇਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਪੱਬਰਾ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਵਿਚ ਆਉਣ ਤੋਂ ਪਹਿਲਾਂ ਵੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਹਨ ਕਿ ਪਿੰਡਾਂ ਨੂੰ ਸਾਫ ਪਾਣੀ ਦੇਣਾ ਸਾਰੀਆਂ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ। ਇਸ ਮਕਸਦ ਲਈ ਭਗਵੰਤ ਮਾਨ ਸੂਬੇ ਦੇ ਪਿੰਡਾਂ ਖਾਸ ਤੌਰ ‘ਤੇ ਸਰਹੱਦੀ ਇਲਾਕੇ ਦਾ ਖੁਦ ਦੌਰਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੱਬਰਾ ਪ੍ਰੋਜੈਕਟ ਦਾ ਉਦਘਾਟਨ ਮੁੱਖ ਮੰਤਰੀ ਹੱਥੋਂ ਕਰਵਾਉਣਾ ਮਾਣ ਵਾਲੀ ਗੱਲ ਹੋਵੇਗੀ।

ਪੱਬਰਾ ਜਲ ਸਪਲਾਈ ਪ੍ਰੋਜੈਕਟ ਦੀ ਕੁੱਲ ਲਾਗਤ 120.60 ਕਰੋੜ ਰੁਪਏ ਹੈ ਅਤੇ ਇਸ ਨਾਲ ਰਾਜਪੁਰਾ, ਪਟਿਆਲਾ ਅਤੇ ਸਰਹੰਦ ਦੇ 112 ਪਿੰਡਾਂ ਨੂੰ ਲਾਭ ਪੁੱਜੇਗਾ। 21,693 ਘਰਾਂ ਦੀ 1 ਲੱਖ 30 ਹਜ਼ਾਰ 159 ਆਬਾਦੀ ਨੂੰ ਸਾਫ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਵਿਚ ਧਰਤੀ ਹੇਠਲੇ ਪਾਣੀ ਦੀ ਕੁਆਲਿਟੀ ਖਰਾਬ ਹੈ ਅਤੇ ਇਸ ਵਿਚ ਫਲੋਰਾਈਡ, ਨਾਈਟਰੇਟ ਅਤੇ ਹੈਵੀਮੈਟਲ ਦੀ ਜ਼ਿਆਦਾ ਮਾਤਰਾ ਹੈ। ਉਕਤ ਪ੍ਰੋਜੈਕਟ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਇਨ੍ਹਾਂ ਪਿੰਡਾਂ ਨੂੰ ਸਾਫ ਤੇ ਸ਼ੁੱਧ ਪਾਣੀ ਦੀ ਸਪਲਾਈ ਮਿਲੇਗੀ।

Written By
The Punjab Wire