ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ: ਡੀਜੀਪੀ ਗੌਰਵ ਯਾਦਵ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਕਾਰ ‘ਚ ਸਵਾਰ ਵਿਅਕਤੀਆਂ ਨੇ ਪੁਲਿਸ ਟੀਮਾਂ ਵੱਲੋਂ ਰੁਕਣ ਦਾ ਇਸ਼ਾਰਾ ਕੀਤੇ ਜਾਣ ‘ਤੇ ਗੋਲੀਆਂ ਚਲਾ ਦਿੱਤੀਆਂ: ਡੀਜੀਪੀ
ਚੰਡੀਗੜ੍ਹ/ਬਰਨਾਲਾ, 10 ਅਗਸਤ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਬਰਨਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ-ਤਰਫ਼ਾ ਗੋਲੀਬਾਰੀ ਮਗਰੋਂ ਬੰਬੀਹਾ ਗਿਰੋਹ ਦੇ ਮੁੱਖ ਸਰਗਨੇ ਸੁਖਵਿੰਦਰ ਖਾਨ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਬਾਕੀ ਤਿੰਨ ਮੁਲਜ਼ਮਾਂ ਦੀ ਪਛਾਣ ਯਾਦਵਿੰਦਰ ਸਿੰਘ ਉਰਫ਼ ਲੁੱਢਣ ਵਾਸੀ ਬੁੱਢਾ ਪੱਤੀ, ਮੁੱਲਾਂਪੁਰ ਦਾਖਾ, ਹੁਸਨਪ੍ਰੀਤ ਸਿੰਘ ਉਰਫ਼ ਗਿੱਲ ਵਾਸੀ ਜੈਦ ਪੱਤੀ, ਲੌਂਗੋਵਾਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਜੈਦ ਪੱਤੀ, ਲੌਂਗੋਵਾਲ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 3 ਪਿਸਤੌਲ ਜਿਨ੍ਹਾਂ ਵਿੱਚ 17 ਜਿੰਦਾ ਕਾਰਤੂਸ ਸਮੇਤ ਦੋ .30 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਇੱਕ .32 ਬੋਰ ਪਿਸਤੌਲ, ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਇੱਕ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ (ਰਜਿਸਟ੍ਰੇਸ਼ਨ ਨੰਬਰ ਪੀ.ਬੀ.22ਐਕਸ 5258), ਜਿਸ ਵਿੱਚ ਉਹ ਸਵਾਰ ਸਨ, ਵੀ ਜ਼ਬਤ ਕੀਤੀ ਗਈ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏ.ਜੀ.ਟੀ.ਐਫ. ਦੀ ਟੀਮ ਨੂੰ ਠੋਸ ਜਾਣਕਾਰੀ ਮਿਲੀ ਸੀ ਕਿ ਬੰਬੀਹਾ ਗਿਰੋਹ ਨਾਲ ਸਬੰਧਤ ਅਪਰਾਧੀ ਬਰਨਾਲਾ ਦੇ ਅਧਿਕਾਰ ਖੇਤਰ ਵਿੱਚ ਘੁੰਮ ਰਹੇ ਹਨ, ਜਿਸ ਤੋਂ ਬਾਅਦ ਏ.ਆਈ.ਜੀ. ਏਜੀਟੀਐਫ ਸੰਦੀਪ ਗੋਇਲ ਨੇ ਬਰਨਾਲਾ ਪੁਲੀਸ ਨੂੰ ਸੁਚੇਤ ਕੀਤਾ ਅਤੇ ਤੁਰੰਤ ਏਜੀਟੀਐਫ ਬਠਿੰਡਾ ਰੇਂਜ ਤੋਂ ਪੁਲੀਸ ਟੀਮਾਂ ਨੂੰ ਰਵਾਨਾ ਕੀਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਬਰਨਾਲਾ ਦੇ ਹੰਡਿਆਇਆ ਚੌਕ ਵਿਖੇ ਵਿਸ਼ੇਸ਼ ਨਾਕਾ ਲਾਇਆ ਗਿਆ। ਇਹ ਨਾਕਾ ਬਰਨਾਲਾ ਦੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਨਿਰਗਰਾਨੀ ਹੇਠ ਲਾਇਆ ਗਿਆ, ਜਦਕਿ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਏ.ਜੀ.ਟੀ.ਐਫ ਦੀ ਟੀਮ ਨਾਲ ਆਪਰੇਸ਼ਨ ਵਿੱਚ ਸ਼ਾਮਲ ਸਨ।
ਡੀਜੀਪੀ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਕਾਰ ਵਿੱਚ ਬੈਠੇ ਵਿਅਕਤੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਟੀਮਾਂ ਨੂੰ ਵੀ ਗੋਲੀਬਾਰੀ ਕਰਨੀ ਪਈ। ਉਨ੍ਹਾਂ ਅੱਗੇ ਦੱਸਿਆ ਕਿ ਦੋ-ਤਰਫ਼ਾ ਗੋਲੀਬਾਰੀ ਦੌਰਾਨ ਮੁਲਜ਼ਮ ਸੁਖਵਿੰਦਰ ਖਾਨ ਜਖ਼ਮੀ ਹੋ ਗਿਆ, ਜੋ ਹੁਣ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਹੋਰ ਵੇਰਵੇ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਲੌਂਗੋਵਾਲ ਦਾ ਰਹਿਣ ਵਾਲਾ ਸੁਖਵਿੰਦਰ ਖਾਨ ਬੰਬੀਹਾ ਗਰੋਹ ਦਾ ਸਿਰਕੱਢ ਮੈਂਬਰ ਹੈ, ਜੋ ਪੰਜਾਬ ਪੁਲਿਸ ਨੂੰ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਦੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਬਰਨਾਲਾ ਵਿਖੇ ਐਫਆਈਆਰ ਨੰ. 388 ਮਿਤੀ 9/8/2023 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।