Close

Recent Posts

ਸਿੱਖਿਆ ਪੰਜਾਬ

ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ  ਹੁਨਰ ਨੂੰ ਨਿਖਾਰਨ ਹਿੱਤ 105 ਇੰਸਟ੍ਰਕਟਰਾਂ ਦੇ 3 ਬੈਚ ਕੀਤੇ ਰਵਾਨਾ 

ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ  ਹੁਨਰ ਨੂੰ ਨਿਖਾਰਨ ਹਿੱਤ 105 ਇੰਸਟ੍ਰਕਟਰਾਂ ਦੇ 3 ਬੈਚ ਕੀਤੇ ਰਵਾਨਾ 
  • PublishedAugust 8, 2023

ਚੰਡੀਗੜ੍ਹ, 8 ਅਗਸਤ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ, ਵਿਦਿਆਰਥੀਆਂ ਨੂੰ ਵਿਆਪਕ ਅਤੇ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈਆਂ ਵੱਖ- ਵੱਖ ਪਹਿਲਕਦਮੀਆਂ ਨੂੰ ਅੱਗੇ ਵਧਾਉਂਦਿਆਂ  ਅੱਜ  ਵੱਖ-ਵੱਖ ਟਰੇਡਾਂ ਦੇ ਇੰਸਟ੍ਰਕਟਰਾਂ ਦੇ ਹੁਨਰ ਨੂੰ ਨਿਖਾਰਨ ਲਈ ਮਹੱਤਵਪੂਰਨ ਕਦਮ ਚੁੱਕਦਿਆਂ, ਸ. ਹਰਜੋਤ ਸਿੰਘ ਬੈਂਸ ਨੇ  105 ਇੰਸਟ੍ਰਕਟਰਾਂ ਦੇ ਤਿੰਨ ਬੈਚਾਂ ਨੂੰ ਪੰਜ ਰੋਜ਼ਾ ਐਡਵਾਂਸ ਟਰੇਨਿੰਗ ਪ੍ਰੋਗਰਾਮਾਂ ਲਈ ਰਵਾਨਾ ਕੀਤਾ, ਹਰ ਇੱਕ ਪ੍ਰੋਗਰਾਮ ਮੌਜੂਦਾ ਉਦਯੋਗਿਕ ਲੋੜਾਂ ਦੇ ਮੱਦੇਨਜ਼ਰ ਮਹੱਤਵਪੂਰਨ ਹੁਨਰਾਂ ਨੂੰ ਨਿਖਾਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫਿਟਰ ਅਤੇ ਵੈਲਡਰ ਟਰੇਡ ਦੇ 20 ਇੰਸਟ੍ਰਕਟਰਾਂ ਦੇ ਪਹਿਲੇ ਬੈਚ ਨੂੰ ਝਾਰਮਾਜਰੀ, ਬੱਦੀ (ਹਿਮਾਚਲ ਪ੍ਰਦੇਸ਼)  ਸਥਿਤ ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀ.ਆਈ.ਪੀ.ਈ.ਟੀ.) ਵਿੱਚ ਸੀ.ਐਨ.ਸੀ. ਮਸ਼ੀਨਿੰਗ ਤਕਨੀਕਾਂ ਦੀ  ਸਿਖਲਾਈ ਦਿੱਤੀ ਜਾਵੇਗੀ।

ਇਸੇ  ਤਰ੍ਹਾਂ 20 ਇੰਸਟ੍ਰਕਟਰਾਂ (ਡਰਾਫਟਸਮੈਨ ਮਕੈਨੀਕਲ ਅਤੇ ਡਰਾਫਟਸਮੈਨ ਸਿਵਲ ਟਰੇਡ) ਦਾ ਦੂਜਾ ਬੈਚ ਆਟੋ ਕੈਡ ਮਕੈਨੀਕਲ/ਸਿਵਲ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਵੇਗਾ, ਜੋ ਕਿ ਭਾਰਤ ਸਰਕਾਰ ਦੀ ਸੋਸਾਇਟੀ, ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲਾ, ਸੈਂਟਰਲ ਟੂਲ ਰੂਮ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। 

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਟਰਨਰ ਅਤੇ ਮਸ਼ੀਨਿਸਟ ਟਰੇਡਾਂ ਵਿੱਚ ਇੰਸਟ੍ਰਕਟਰਾਂ ਦੀਆਂ ਸਮਰੱਥਾਵਾਂ ਵਿੱਚ ਹੋਰ ਵਾਧਾ ਕਰਨ ਲਈ ਸੀਐਨਸੀ ਮਸ਼ੀਨਿੰਗ ਤਕਨੀਕਾਂ ਵਿੱਚ ਸਮਰੱਥਾ ਵਧਾਉਣ ਸਬੰਧੀ ਪ੍ਰੋਗਰਾਮ ਕਰਵਾਇਆ ਜਾਵੇਗਾ। ਕੁੱਲ 65 ਇੰਸਟ੍ਰਕਟਰ ਚੰਡੀਗੜ੍ਹ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.) ਵਿਖੇ ਸਿਖਲਾਈ ਲੈਣਗੇ।

ਇਹਨਾਂ ਪਹਿਲਕਦਮੀਆਂ ਪ੍ਰਤੀ ਆਪਣੀ ਸੁਹਿਰਦਤਾ ਤੇ ਉਤਸ਼ਾਹ ਜ਼ਾਹਰ ਕਰਦੇ ਕਰਦਿਆਂ ਸ.  ਬੈਂਸ ਨੇ ਕਿਹਾ ਕਿ ਵੱਖ-ਵੱਖ ਉਦਯੋਗਾਂ ਵਿੱਚ ਹੁਨਰਮੰਦ ਪੇਸ਼ੇਵਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਿਖਲਾਈ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪੇਸ਼ਕਦਮੀ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਸਿਖਲਾਈਆਂ ਅਤੇ ਪ੍ਰੋਗਰਾਮਾਂ ’ਤੇ ਕੁੱਲ 15 ਲੱਖ ਰੁਪਏ ਦਾ ਖਰਚਾ ਆਵੇਗਾ।

ਇਸ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਸ਼੍ਰੀ ਪ੍ਰਿਅੰਕ ਭਾਰਤੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ  ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਅਤੇ  ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ (ਯੋਜਨਾ) ਵਿਜੇਇੰਦਰ ਧਵਨ ਵੀ ਮੌਜੂਦ ਸਨ।

Written By
The Punjab Wire