ਗੁਰਦਾਸਪੁਰ, 8 ਅਗਸਤ 2023 (ਦੀ ਪੰਜਾਬ ਵਾਇਰ)। ਬੀਤੇ ਦਿਨੀਂ ਅਮਰੀਕਾ ਜਾਣ ਦੇ ਚਾਹਵਾਨ ਵੱਖਰੇ ਵੱਖਰੇ ਮੁਲਕਾਂ ਦੇ 16,17 ਨੌਜਵਾਨਾਂ ਦੀ ਮੈਕਸੀਕੋ ਨਜਦੀਕ ਹਾਈਵੇ ਕੋਲ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ।ਇਹਨਾਂ ਮੰਦਭਾਗੇ ਮ੍ਰਿਤਕ ਨੋਜਵਾਨਾਂ ਵਿਚ ਜ਼ਿਲਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ। ਮਰਹੂਮ ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਚੰਗੇ ਭਵਿੱਖ ਖਾਤਿਰ ਇਕ ਮਹੀਨਾ ਪਹਿਲਾਂ ਹੀ ਬੀਤੀ 7 ਜੁਲਾਈ ਨੂੰ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਸੀ ਤੇ ਪੂਰੇ ਇਕ ਮਹੀਨੇ ਬਾਅਦ ਉਸਦੇ ਘਰ ਉਸਦੀ ਮੌਤ ਦੀ ਮੰਦਭਾਗੀ ਖਬਰ ਪਹੁੰਚ ਗਈ।
ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਇੱਕ ਮਹੀਨਾ ਪਹਿਲਾਂ ਇੱਕ ਸਥਾਨਕ ਏਜੰਟ ਅਤੇ ਇੱਕ ਹੋਰ ਹਾਜੀਪੁਰ ਦੇ ਏਜੰਟ ਰਾਹੀਂ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਗੁਰਪਾਲ ਸਿੰਘ ਦੇ ਅਮਰੀਕਾ ਪੁੱਜਣ ਲਈ ਉਨ੍ਹਾਂ ਵੱਲੋਂ ਮੋਟੀ ਰਕਮ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 40 ਲੱਖ ਰੁਪਏ ਉਹਨਾਂ ਨੇ ਏਜੰਟ ਨੂੰ ਅਦਾ ਕਰ ਦਿੱਤੇ ਸਨ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰਪਾਲ ਸਿੰਘ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪਰ ਅੱਜ ਪਿੰਡ ਬਾਗੜੀਆਂ ਦੇ ਵਾਸੀ ਚੇਅਰਮੈਨ ਠਾਕੁਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਗੁਰਪਾਲ ਸਿੰਘ ਦੇ ਏਜੰਟ ਨੇ ਦੱਸਿਆ ਹੈ ਕਿ ਗੁਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।ਪਰਿਵਾਰਕ ਮੈਂਬਰ ਇੱਕਲੌਤੇ ਨੌਜਵਾਨ ਪੁੱਤਰ ਦੀ ਮੌਤ ਕਾਰਨ ਭਾਰੀ ਸਦਮੇ ਵਿੱਚ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਪਾਲ ਸਿੰਘ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਪਿੰਡ ਪਹੁਚਾਉਣ ਵਿੱਚ ਮਦਦ ਕੀਤੀ ਜਾਵੇ।