ਪੰਜਾਬ ਮੁੱਖ ਖ਼ਬਰ

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਰੋਜਾ ਰਾਜ ਪੱਧਰੀ ਨਿਗਰਾਨੀ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਰੋਜਾ ਰਾਜ ਪੱਧਰੀ ਨਿਗਰਾਨੀ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ
  • PublishedAugust 7, 2023

ਆਂਗਨਵਾੜੀ ਕੇਂਦਰਾਂ ਵਿੱਚ ਸਿੱਖਿਆ ਅਤੇ ਪੋਸ਼ਣ ਨੂੰ ਵਧਾਉਣ ਲਈ “ਪੋਸ਼ਣ ਵੀ ਪੜਾਈ ਵੀ” ਵਿਸ਼ੇ ਤੇ ਕਰਵਾਈ ਟਰੇਨਿੰਗ

ਚੰਡੀਗੜ੍ਹ, 7 ਅਗਸਤ 2023 (ਦੀ ਪੰਜਾਬ ਵਾਇਰ) ਮੁੱਖ ਮੰਤਰੀ ਭਗਵੰਤ ਮਾਨ ਦੀ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ  ਆਂਗਨਵਾੜੀ ਕੇਂਦਰਾਂ ਵਿੱਚ ਸਿੱਖਿਆ ਅਤੇ ਪੋਸ਼ਣ ਨੂੰ ਵਧਾਉਣ ਲਈ “ਪੋਸ਼ਣ ਵੀ ਪੜਾਈ ਵੀ” ਵਿਸ਼ੇ ਤੇ ਨਿਪਸਿਡ ਰਿਜਨਲ ਸੈਂਟਰ ਮੁਹਾਲੀ ਵਿਖੇ ਟਰੇਨਿੰਗ ਕਰਵਾਈ ਗਈ। ਇਹ  ਰਾਜ ਪੱਧਰੀ ਨਿਗਰਾਨੀ ਅਤੇ ਸਿਖਲਾਈ ਪ੍ਰੋਗਰਾਮ ਆਂਗਣਵਾੜੀ ਵਰਕਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਸਮਰੱਥਾ ਨੂੰ ਵਧਾਉਣ ਲਈ ਸ਼ੁਰੂ ਕੀਤਾ ਗਿਆ ਹੈ। ਸੂਬੇ ਵਿੱਚ ਇਹ ਪ੍ਰੋਗਰਾਮ 7 ਅਗਸਤ ਤੋਂ 12 ਸਤੰਬਰ ਤੱਕ ਕਰਵਾਇਆ ਜਾਵੇਗਾ।

ਇਸ ਟਰੇਨਿੰਗ ਦਾ ਉਦੇਸ਼ ਛੋਟੇ ਬੱਚਿਆਂ ਨੂੰ ਸਰਵਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ, ਆਂਗਣਵਾੜੀ ਸੈੰਟਰਾਂ ਨੂੰ ਸਸ਼ਕਤ ਕਰਨਾ ਅਤੇ ਬੱਚਿਆਂ ਅਤੇ ਕਿਸ਼ੋਰ ਲੜਕੀਆਂ ਲਈ ਢੁਕਵੇਂ ਪੋਸ਼ਣ ਅਤੇ ਪੜੵਾਈ ਨੂੰ ਯਕੀਨੀ ਬਣਾਉਣਾ ਹੈ।

ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਇਹ ਸਕੀਮ ਉੱਚ-ਗੁਣਵੱਤਾ ਈ.ਸੀ.ਸੀ.ਈ ਅਧਿਆਪਕਾਂ ਦਾ ਕਾਡਰ ਬਣਾਉਣ ਲਈ ਮੌਜੂਦਾ ਆਂਗਣਵਾੜੀ ਵਰਕਰਾਂ ਦੀ ਸਿਖਲਾਈ ਦਾ ਪ੍ਰਸਤਾਵ ਕਰਕੇ ਇਸ ਨੀਤੀ ਦੇ ਟੀਚਿਆਂ ਨੂੰ ਸ਼ਾਮਲ ਕਰਦੀ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਪੋਸ਼ਣ ਟਰੈਕਰ ਐਪਲੀਕੇਸ਼ਨ ਨੂੰ ਲਾਗੂ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਸਿਖਲਾਈ ਪਾਠਕ੍ਰਮ ਸ਼ੁਰੂਆਤੀ ਬਚਪਨ ਦੀ ਸਿੱਖਿਆ, ਸਿਹਤ ਤੇ ਸਿਖਲਾਈ ਅਭਿਆਸ, ਮਾਵਾਂ ਦੀ ਦੇਖਭਾਲ, ਵਿਕਾਸ ਦੀ ਨਿਗਰਾਨੀ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਸਮੇਤ ਕਈ ਵਿਸ਼ਿਆਂ ਨੂੰ ਕਵਰ ਕਰਦਾ ਹੈ। ਸੀ.ਡੀ.ਪੀ.ਓ’ਜ਼ ਪ੍ਰੋਗਰਾਮ ਪ੍ਰਬੰਧਨ, ਨਿਗਰਾਨੀ ਵਿੱਚ ਵਾਧੂ ਸਿਖਲਾਈ ਪ੍ਰਾਪਤ ਕਰਨਗੇ, ਜਿਸ ਨਾਲ ਉਹ ਆਂਗਣਵਾੜੀ ਕੇਂਦਰਾਂ ਦੇ ਕੰਮ ਕਾਜ਼ ਦੀ ਕੁਸ਼ਲਤਾ ਨਾਲ ਨਿਗਰਾਨੀ ਕਰ ਸਕਣਗੇ।

ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸੁਪਰਵਾਈਜ਼ਰ, ਬਲਾਕ ਅਤੇ ਜ਼ਿਲ੍ਹਾ ਕੋ-ਆਰਡੀਨੇਟਰ ਅਤੇ ਸਲਾਹਕਾਰ ਹਾਜ਼ਰ ਸਨ।

Written By
The Punjab Wire