Close

Recent Posts

ਸਿਹਤ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਨੇ ‘ ਹਰ ਸ਼ੁਕਰਵਾਰ- ਡੇਂਗੂ ਤੇ ਵਾਰ’ ਮੁਹਿੰਮ ਦੀ ਸ਼ੁਰੂਆਤ ਲਈ  ਖੁਦ ਕੀਤੀ ਅਗਵਾਈ

ਮੁੱਖ ਮੰਤਰੀ ਨੇ ‘ ਹਰ ਸ਼ੁਕਰਵਾਰ- ਡੇਂਗੂ ਤੇ ਵਾਰ’ ਮੁਹਿੰਮ ਦੀ ਸ਼ੁਰੂਆਤ ਲਈ  ਖੁਦ ਕੀਤੀ ਅਗਵਾਈ
  • PublishedAugust 4, 2023

ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਘਾਤਕ ਵੈਕਟਰ-ਬੋਰਨ ਬਿਮਾਰੀ ਤੋਂ ਬਚਾਉਣਾ : ਸਿਹਤ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿਹਤਯਾਬ ਤੇ ਰਿਸ਼ਟਪੁਸ਼ਟ ਰੱਖਣ ਲਈ ਵਚਨਬੱਧ

ਡਾਕਟਰ ਬਲਬੀਰ ਸਿੰਘ ਨੇ ਮੁਹਿੰਮ ਦੀ ਸ਼ੁਰੂਆਤ ਮੌਕੇ ਪਿੰਡ ਬਹਿਲੋਲਪੁਰ ਦੀ ਫੇਰੀ ਦੌਰਾਨ ਛੱਪੜ ‘ਚ ਛੱਡੀਆਂ ‘ਗਮਬੂਸੀਆ’ ਮੱਛੀਆਂ

ਚੰਡੀਗੜ੍ਹ/ਐਸ.ਏ.ਐਸ.ਨਗਰ, 4 ਅਗਸਤ (ਦੀ ਪੰਜਾਬ ਵਾਇਰ)। ਸੂਬੇ ਵਿੱਚ ਘਾਤਕ ਵੈਕਟਰ-ਬੋਰਨ ਬਿਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁੱਕਰਵਾਰ ਨੂੰ ਸੂਬੇ ਭਰ ਵਿੱਚ ਡੇਂਗੂ ਰੋਕਥਾਮ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ ’ ਦੀ ਸ਼ੁਰੂਆਤ ਕੀਤੀ ਗਈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡਾਇਰੈਕਟਰ ਸਿਹਤ ਸੇਵਾਵਾਂ, ਐਸ.ਡੀ.ਐਮ ਮੋਹਾਲੀ ਅਤੇ ਹੋਰ ਜ਼ਿਲ੍ਹਾ ਅਤੇ ਮੈਡੀਕਲ ਅਧਿਕਾਰੀਆਂ ਨਾਲ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਪਹੁੰਚੇ, ਜਿੱਥੇ ਉਹਨਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵਾ ਪਨਪਣ ਵਾਲੀਆਂ ਥਾਵਾਂ (ਹਾਟਸਪਾਟਸ) ਦਿਖਾ ਕੇ ਇਸ ਖ਼ਤਰਨਾਕ ਬਿਮਾਰੀ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਅਤੇ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ’ਤੇ ਆਪਣੇ ਘਰਾਂ ਦੇ ਅੰਦਰ-ਬਾਹਰ ਡੇਂਗੂ ਲਾਰਵੇ ਦੇ ਪਨਪਣ (ਪੈਦਾ ਹੋਣ) ਪ੍ਰਤੀ ਸੁਚੇਤ ਰਹਿਣ।  ਉਨ੍ਹਾਂ ਪਿੰਡ ਦੇ ਵੱਖ-ਵੱਖ ਘਰਾਂ ਦਾ ਦੌਰਾ ਕਰਨ ਤੋਂ ਇਲਾਵਾ ਮੌਕੇ ’ਤੇ ਪਿੰਡ ਦੇ ਪਾਰਕ, ਪੰਚਾਇਤ ਘਰ, ਸਕੂਲ ਅਤੇ ਸਰਕਾਰੀ ਡਿਸਪੈਂਸਰੀ ਦੀ ਵੀ ਜਾਂਚ ਕੀਤੀ।

ਉਨ੍ਹਾਂ ਕਿਹਾ, “ਇਸ ਦੌਰੇ ਦੌਰਾਨ, ਪਿੰਡ ਦੇ ਲਗਭਗ ਸਾਰੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਮੌਜੂਦਗੀ ਪਾਈ ਗਈ, ਜਿਸ ਨਾਲ ਮੱਛਰ ਪੈਦਾ ਹੋ ਸਕਦੇ ਹਨ।” ਉਹਨਾਂ ਲੋਕਾਂ ਨੂੰ ਸ਼ੁੱਕਰਵਾਰ ਨੂੰ ਕੁਝ ਸਮਾਂ ਕੱਢਣ ਅਤੇ ਮੱਛਰ ਪੈਦਾ ਹੋਣ ਵਾਲੀਆਂ ਸਾਰੀਆਂ ਥਾਵਾਂ  ਜਿਵੇਂ ਕਿ ਕੂਲਰ, ਕਬਾੜ, ਗ਼ਮਲਿਆਂ, ਫਰਿੱਜਾਂ ਦੀਆਂ ਪਿਛਲੀਆਂ ਟਰੇਆਂ, ਸਟੋਰ ਕੀਤੇ ਪਾਣੀ ਆਦਿ ਜਿੱਥੇ ਪਾਣੀ ਦੀ ਖੜੋਤ ਹੋ ਸਕਦੀ ਹੈ, ਤੋਂ ਪਾਣੀ ਦਾ ਨਿਕਾਸ ਕਰਨ ਦੀ ਅਪੀਲ ਕੀਤੀ।

ਬਾਅਦ ਵਿੱਚ ਸਿਹਤ ਮੰਤਰੀ ਨੇ ਡੇਂਗੂ ਦੀ ਰੋਕਥਾਮ ਲਈ ਮੱਛਰ ਦਾ ਲਾਰਵਾ ਖਾਣ ਵਾਲੀ ਮੱਛੀ ‘ਗੈਂਬੂਸੀਆ’ ਨੂੰ ਛੱਪੜ ਵਿੱਚ ਛੱਡਿਆ। ਉਨ੍ਹਾਂ ਕਿਹਾ ਕਿ ਇਹ ਮੱਛੀਆਂ ਮਨੁੱਖ ਦੀਆਂ ਮਿੱਤਰ ਹਨ ਕਿਉਂਕਿ ਇਹ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਲਾਰਵੇ ਨੂੰ ਖਾਂਦੀਆਂ ਹਨ।

ਜ਼ਿਕਰਯੋਗ ਹੈ ਕਿ ‘ਗੈਂਬੂਸੀਆ’ ਮੱਛੀ ਨੂੰ ਸਿਹਤ ਟੀਮਾਂ ਵੱਲੋਂ ਜਾਗਰੂਕਤਾ ਦੇ ਉਦੇਸ਼ਾਂ ਲਈ ਆਮ ਲੋਕਾਂ ਨੂੰ ਦਿਖਾਉਣ ਲਈ ਲਿਆਂਦਾ ਗਿਆ ਸੀ। ਇਹ ਮੱਛੀਆਂ ਸਿਹਤ ਵਿਭਾਗ ਕੋਲ ਉਪਲਬਧ ਹਨ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਛੱਪੜਾਂ, ਝੀਲਾਂ ਆਦਿ ਵਿੱਚ ਪਾਉਣ ਲਈ ਮੁਫ਼ਤ ਪ੍ਰਾਪਤ ਕਰ ਸਕਦਾ ਹੈ।

ਡਾ: ਬਲਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਲੋਕਾਂ  ਵੱਲੋਂ ਆਪਣੇ ਘਰਾਂ ਅਤੇ ਆਲੇ-ਦੁਆਲੇ ਲੱਗੀਆਂ ਡੇਂਗੂ ਫੈਕਟਰੀਆਂ ’ਤੇ ਚਿੰਤਾ ਪ੍ਰਗਟਾਈ। ਆਮ ਤੌਰ ’ਤੇ, ਅਸੀਂ ਚੀਜ਼ਾਂ ਨੂੰ ਹਲਕੇ ਵਿੱਚ ਲੈਂਦੇ ਹਾਂ ਪਰ ਜਦੋਂ ਇਹ ਜਾਨ ਲਈ ਖਤਰਾ ਬਣ ਜਾਂਦੀ ਹੈ ਤਾਂ ਹੀ  ਫਿਕਰਮੰਦ ਤੇ ਸੁਚੇਤ ਹੁੰਦੇ  ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਨੇੜੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ।

ਉਹਨਾਂ ਕਿਹਾ ,‘‘ਸਾਨੂੰ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣਾ ਚਾਹੀਦਾ ਹੈ, ਜਿਸਦਾ ਮਤਲਬ ਹੈ ਕਿ ਸਾਨੂੰ ਡੇਂਗੂ ਦੇ ਲਾਰਵੇ ਦੇ ਪ੍ਰਜਨਨ ਨੂੰ ਰੋਕਣ ਲਈ ਖੜ੍ਹੇ ਪਾਣੀ ਨੂੰ ਬਾਹਰ ਕੱਢਣਾ ਚਾਹੀਦਾ ਹੈ, ਜਿਸ ਨੂੰ ਮੱਛਰ ਬਣਨ ਲਈ ਇੱਕ ਹਫ਼ਤੇ ਦਾ ਸਮਾਂ ਲਗਦਾ ਹੈ।’’

ਉਨ੍ਹਾਂ ਪਿੰਡ ਦੀਆਂ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ, ਪੰਚਾਇਤਾਂ ਅਤੇ ਸਕੂਲ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਸਿਹਤ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੇ ਹਰ ਘਰ ਦਾ ਦੌਰਾ ਕਰਨ ਅਤੇ ਡੇਂਗੂ ਦੀਆਂ ਸੰਭਾਵਿਤ ਫੈਕਟਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਜੋ ਉਹ ਅਣਜਾਣੇ ਵਿੱਚ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਹਨ। ਉਨ੍ਹਾਂ ਕਿਹਾ, “ਅਸੀਂ ਅਜਿਹੇ ਕਰੂਸੇਡਰਾਂ ਨੂੰ ਇਨਾਮ ਅਤੇ ਸਨਮਾਨ ਦੇਵਾਂਗੇ, ਜੋ ਡੇਂਗੂ ਦੇ ਲਾਰਵੇ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।’’”

ਜ਼ਿਕਰਯੋਗ ਹੈ ਕਿ ਮੰਤਰੀ ਨੇ ਪਿੰਡ ਦੇ ਸਕੂਲ, ਸਿਹਤ ਅਤੇ ਤੰਦਰੁਸਤੀ ਕੇਂਦਰ ਦੀਆਂ ਪਾਣੀ ਦੀਆਂ ਟੈਂਕੀਆਂ ਦਾ ਵੀ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਖਲੋਤੇ ਪਾਣੀ ਅਤੇ ਰਿਸਾਅ (ਲੀਕੇਜ) ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ।

Written By
The Punjab Wire