ਗੁਰਦਾਸਪੁਰ, 4 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ‘ਚ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਕਲਾਨੌਰ ਦੀ ਪੁਲੀਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਉਨ੍ਹਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।
ਗੁਰਸੇਵਕ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਉਹ ਵਿਦੇਸ਼ ਜਾ ਕੇ ਰੋਜ਼ੀ ਰੋਟੀ ਕਮਾਉਣਾ ਚਾਹੁੰਦਾ ਸੀ। ਇਸ ਸਬੰਧੀ ਉਸ ਨੇ ਮੁਲਜ਼ਮ ਸੰਦੀਪ ਸਿੰਘ ਵਾਸੀ ਸਨੌਰ ਰੋਡ, ਘਲੋੜੀ ਜ਼ਿਲ੍ਹਾ ਪਟਿਆਲਾ, ਮਲਕ ਸਿੰਘ ਵਾਸੀ ਨੂਰਖੇੜੀ, ਪਟਿਆਲਾ ਅਤੇ ਮਹਿੰਦਰ ਸਿੰਘ ਵਾਸੀ ਛੀਛੜਾਂ, ਥਾਣਾ ਭੈਣੀ ਮੀਆਂ ਖਾਂ ਨਾਲ ਸੰਪਰਕ ਕੀਤਾ। ਮੁਲਜ਼ਮਾਂ ਨੇ ਉਸ ਨੂੰ ਅਮਰੀਕਾ ਭੇਜਣ ਦਾ ਲਾਲਚ ਦਿੱਤਾ। ਇਸ ਦੇ ਬਦਲੇ ਉਸ ਤੋਂ 32 ਲੱਖ 25 ਹਜ਼ਾਰ 500 ਰੁਪਏ ਲੈ ਲਏ ਗਏ। ਪੈਸੇ ਲੈ ਕੇ ਕਾਫੀ ਸਮਾਂ ਬੀਤ ਜਾਣ ‘ਤੇ ਵੀ ਉਸ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਜਦੋਂ ਉਸ ਨੇ ਉਕਤ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਡੀਐਸਪੀ ਕਲਾਨੌਰ ਵੱਲੋਂ ਕੀਤੀ ਪੜਤਾਲ ਮਗਰੋਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।