ਖੇਤੀਬਾੜੀ ਵਿਭਾਗ ਵੱਲੋਂ ਮਿਆਰੀ ਬਾਸਮਤੀ ਪੈਦਾਵਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਪਿੰਡ ਗੁਰਦਾਸ ਨੰਗਲ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ
ਗੁਰਦਾਸਪੁਰ, 3 ਅਗਸਤ 2023 (ਦੀ ਪੰਜਾਬ ਵਾਇਰ) । ਝੋਨੇ ਅਤੇ ਬਾਸਮਤੀ ਵਿੱਚ ਗੈਰ-ਸਿਫਾਰਸ਼-ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਪੈਦਾਵਾਰ `ਤੇ ਪੈਂਦੇ ਬੁਰੇ ਪ੍ਰਭਾਵਾਂ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਗੁਰਦੁਆਰਾ ਕਿਲ੍ਹਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਲਗਾਏ ਇਸ ਜਗਾਰੁਕਤਾ ਕੈਂਪ ਵਿੱਚ ਡਾ. ਰਵਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਹਰਭਿੰਦਰ ਸਿੰਘ ਖੇਤੀਬਾੜੀ ਅਫ਼ਸਰ (ਸਿਖਲਾਈ), ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਸ), ਡਾ. ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਡਾ. ਜਗਮੀਤ ਸਿੰਘ ਬਲਾਕ ਤਕਨਾਲੋਜੀ ਪ੍ਰਬੰਧਕ (ਆਤਮਾ), ਪਰਮਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਜਿਨਸਾਂ ਦਾ ਲਾਹੇਵੰਦ ਮੁੱਲ਼ ਯਕੀਨੀ ਬਨਾਉਣ ਲਈ ਪਿੰਡ ਪੱਧਰ ਤੇ ਐਗਰੋਪ੍ਰੋਸੈਸਿੰਗ ਯੂਨਿਟ ਜਿਵੇਂ ਸਬਜੀਆਂ, ਫਲਾਂ ਦੇ ਮੁੱਲ ਵਿੱਚ ਵਾਧਾ ਕਰਨ ਲਈ ਅਚਾਰ, ਜੂਸ ਬਨਾਉਣ ਵਾਲੀ ਮਸ਼ੀਨਾਂ, ਕੋਹਲੂ, ਸੈਲਰ, ਮੂਲ ਅਨਾਜ ਪ੍ਰੋਸੈਸਿੰਗ ਯੂਨਿਟ, ਹਲਦੀ ਪ੍ਰੋਸੈਸਿੰਗ ਯੂਨਿਟ, ਮਸਾਲੇ ਪੀਣ ਵਾਲੀਆਂ ਮਸ਼ੀਨਾਂ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 40 ਤੋਂ 50 ਫੀਸਦੀ ਸਬਸਿਡੀ ਮੁੱਹਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਇਨਾਂ ਮਸ਼ੀਨਾਂ `ਤੇ ਸਬਸਿਡੀ ਲੈਣ ਲਈ ਆਨਲਾਈਨ 15 ਅਗਸਤ 2023 ਤੱਕ ਬਿਨੈਪੱਤਰ ਦਿੱਤੇ ਜਾ ਸਕਦੇ ਹਨ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਿਆਰੀ ਬਾਸਮਤੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕਾਂ ਜਿਵੇਂ ਐਸੀਫੇਟ, ਬੂਪਰੋਜ਼ਿਨ, ਕਲੋਰੋਪਾਈਰੀਫਾਸ, ਮੀਥਾਮੀਡੋਫਾਸ, ਪਰੌਪੀਕੋਨਾਜ਼ੋਲ, ਥਾਇਆਮੀਥੋਕਸਮ, ਪ੍ਰੋਫਿਨਾਫਾਸ, ਆਈਸੋਪਰੋਥਾਇਉਲੇਨ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ ਦੀ ਬਾਸਮਤੀ ਦੀ ਫਸਲ ਉੱਪਰ ਅਗਲੇ ਦੋ ਮਹੀਨਿਆਂ ਲਈ ਵਰਤੋਂ, ਵੇਚਣ ਅਤੇ ਭੰਡਾਰਣ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸ ਲਈ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾ ਕੀਤੀ ਜਾਵੇ।
ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਝੋਨੇ/ਬਾਸਮਤੀ ਉੱਪਰ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੈ। ਉਨਾਂ ਕਿਹਾ ਕਿ ਝੋਨੇ/ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਨੂੰ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਬਾਸਮਤੀ ਵਿਚ ਪੈਰਾਂ ਦੇ ਗਲਣ ਦੇ ਰੋਗ ਦੀ ਰੋਕਥਾਮ ਲਈ ਕਿਸੇ ਦੇ ਕਹਿਣ `ਤੇ ਕੋਈ ਉੱਲੀਨਾਸ਼ਕ ਜਾਂ ਕਿਸੇ ਹੋਰ ਖੇਤੀ ਸਮੱਗਰੀ ਦੀ ਵਰਤੋਂ ਨਾ ਕੀਤੀ ਜਾਵੇ, ਸਗੋਂ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਰੋਕਥਾਮ ਕੀਤੀ ਜਾਵੇ। ਉਨਾਂ ਕਿਹਾ ਕਿ ਪ੍ਰਭਾਵਤ ਖੇਤਾਂ ਵਿੱਚੋਂ ਝੰਡਾਂ ਰੋਗ ਨਾਲ ਗ੍ਰਸਤ ਪੌਦੇ ਜੜੋਂ ਪੁੱਟ ਕੇ ਦਬਾ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
ਡਾ. ਹਰਭਿੰਦਰ ਸਿੰਘ ਨੇੇ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਢੰਗਾਂ ਨੂੰ ਅਪਣਾ ਕੇ ਹੀ ਨਦੀਨਾਂ ਦੀ ਘਣਤਾ ਨੂੰ ਇਸ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਕਿ ਉਨਾਂ ਦੀ ਰੋਕਥਾਮ ਸੌਖੀ ਹੋ ਸਕੇ, ਅਗਲੀਆਂ ਫਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਦੀਆਂ ਵੱਖ ਵੱਕ ਤਕਨੀਕਾਂ ਬਾਰੇ, ਡਾ. ਦਿਲਰਾਜ ਸਿੰਘ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਤਰੀਆਂ ਨੂੰ ਈ.ਕੇ.ਵਾਈ.ਸੀ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਜਗਮੀਤ ਸਿੰਘ ਨੇ ਸਟੇਜ ਸਕੱਤਰ ਦੇ ਫਰਜ ਨਿਭਾਉਦਿਆਂ ਝੋਨੇ/ਬਾਸਮਤੀ ਦੀ ਫਸਲ ਨੂੰ ਕੀੜੇ ਮਕੌੜਿਆਂ ਦੇ ਹਮਲੇ ਤੋਂ ਬਚਾਅ ਲਈ ਰਸਾਇਣਕ ਖਾਦਾਂ ਦੀ ਸੰਤਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਬਾਸਮਤੀ ਦੀ ਫਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾ ਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ। ਅਖੀਰ ਵਿਚ ਕਿਸਾਨਾਂ ਕੋਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਾ ਸਾੜਨ ਦਾ ਵਾਅਦਾ ਵੀ ਲਿਆ ਗਿਆ।